You are here

ਕਲਾਲ ਮਾਜ਼ਰਾ, ਖੰਨਾ ਵਿਖੇ ਫੌਜ ਭਰਤੀ ਰੈਲੀ ਦਾ ਆਯੋਜਨ 7 ਤੋਂ 22 ਦਸੰਬਰ ਤੱਕ

ਸਵੇਰੇ 07 ਤੋਂ 10 ਵਜੇ ਤੱਕ ਭਰਤੀ ਵਾਲੀ ਜਗ੍ਹਾ 'ਤੇ ਦਾਖਲ ਹੋ ਸਕਦੇ ਹਨ ਉਮੀਦਵਾਰ

ਰਿਕਰੂਟਮੈਂਟ ਸਕਰੀਨਿੰਗ ਲਈ 14632 ਉਮੀਦਵਾਰ ਹੋਏ ਰਜਿਸਟਰਡ - ਡਾਇਰੈਕਟਰ ਰਿਕਰੂਟਿੰਗ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਸਬੰਧੀ ਏ.ਆਰ.ਓ. ਦੀ ਅਗਵਾਈ ਵਿੱਚ ਫੌਜ ਭਰਤੀ ਦਫ਼ਤਰ, ਏ.ਐਸ. ਕਾਲਜ, ਕਲਾਲ ਮਾਜਰਾ, ਖੰਨਾ ਵਿਖੇ 7 ਦੰਸਬਰ ਤੋਂ 22 ਦਸੰਬਰ, 2020 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।ਇਸ ਸੰਬੰਧੀ ਡਾਇਰੈਕਟਰ ਰਿਕਰੂਟਿੰਗ ਕਰਨਲ ਸਜੀਵ ਐੱਨ ਨੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਰਜਿਸਟਰਡ ਈ-ਮੇਲ 'ਤੇ ਆਪਣਾ ਐਡਮਿਟ ਕਾਰਡ ਅਤੇ ਕੋਵਿਡ-19 ਨੈਗਟਿਵ ਸਰਟੀਫਿਕੇਟ ਡਾਊਨਲੋਡ ਕਰਨ। ਉਨ੍ਹਾਂ ਕਿਹਾ ਕਿ ਉਮੀਦਵਾਰ ਭਰਤੀ ਵਾਲੀ ਜਗ੍ਹਾਂ 'ਤੇ ਸਵੇਰੇ 07 ਵਜੇ ਤੋਂ 10 ਵਜੇ ਤੱਕ ਦਾਖਲ ਹੋ ਸਕਦੇ ਹਨ।ਡਾਇਰੈਕਟਰ ਰਿਕਰੂਟਿੰਗ ਨੇ ਅੱਗੇ ਦੱਸਿਆ ਕਿ ਰਿਕਰੂਟਮੈਂਟ ਸਕਰੀਨਿੰਗ ਲਈ ਕੁੱਲ 14632 ਉਮੀਦਵਾਰ ਰਜਿਸਟਰਡ ਹੋਏ ਹਨ। ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਪ ਪ੍ਰੀਖਿਆ ਦੇ ਯੋਗ ਉਮੀਦਵਾਰਾਂ ਲਈ ਦਸਤਾਵੇਜ਼ਾਂ ਦੀ ਵਿਸਥਾਰਤ ਜਾਂਚ ਕੀਤੀ ਜਾਵੇਗੀ।ਉਨ੍ਹਾਂ ਅੱਗੇ ਕਿਹਾ ਕਿ ਉਮੀਦਵਾਰਾਂ ਲਾਜ਼ਮੀ ਤੌਰ 'ਤੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣ ਜਿਸ ਵਿੱਚ ਆਧਾਰ ਕਾਰਡ, ਵਿਦਿਅਕ ਯੋਗਤਾ ਸਰਟੀਫਿਕੇਟ ਸਬੰਧਤ ਬੋਰਡ ਵੱਲੋਂ ਜਾਰੀ ਕੀਤੇ ਗਏ, ਆਨਲਾਈਨ ਰਿਹਾਇਸ਼/ਜਨਮ ਸਰਟੀਫਿਕੇਟ ਐਸ.ਡੀ.ਐਮ./ਤਹਿਸੀਲਦਾਰ ਦੁਆਰਾ ਜਾਰੀ ਕੀਤਾ ਗਿਆ, ਆਨਲਾਈਨ ਜਾਤੀ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਅਨਮੈਰਿਡ ਸਰਟੀਫਿਕੇਟ ਪਿੰਡ ਦੇ ਸਰਪੰਚ/ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿਛਲੇ 6 ਮਹੀਨੇ ਦੌਰਾਨ ਨਾਲ ਫੋਟੋ, ਨੋ ਕਲੇਮ ਸਰਟੀਫਿਕੇਟ ਪਿੰਡ ਦੇ ਸਰਪੰਚ ਵੱਲੋਂ ਨਾਲ ਫੋਟੋ, 18 ਸਾਲ ਤੋਂ ਘੱਟ ਦੇ ਉਮੀਦਵਾਰ ਨੋ ਕਲੇਮ ਸਰਟੀਫਿਕੇਟ ਆਪਣੇ ਮਾਪਿਆਂ ਤੋਂ ਹਸਤਾਖ਼ਰ ਕਰਵਾ ਕੇ ਲਿਆਉਣ, ਐਨ.ਸੀ.ਸੀ. ਸਰਟੀਫਿਕੇਟ(ਏ/ਬੀ/ਸੀ), ਪਿਛਲੇ 2 ਸਾਲਾਂ ਦੌਰਾਨ ਖੇਡਾਂ ਵਿੱਚ ਅੰਤਰ ਰਾਸ਼ਟਰੀ/ਰਾਸ਼ਟਰੀ/ਰਾਜ ਪੱਧਰ 'ਤੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੋਵੇ, ਰਿਲੇਸ਼ਨਸ਼ਿਪ ਸਰਟੀਫਿਕੇਟ ਅਤੇ ਡਿਸ ਬੁੱਕ (ਮੌਜੂਦਾ ਸੈਨਿਕ ਜਾਂ ਸਾਬਕਾ ਸੈਨਿਕ ਨਾਲ ਸਬੰਧਤ ਉਮੀਦਵਾਰ)। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਮੈਨੂਅਲ ਸਰਟੀਫਿਕੇਟ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਸਿੱਖ ਉਮੀਦਵਾਰ ਆਪਣੀਆਂ ਤਾਜ਼ਾ ਤਸਵੀਰਾਂ ਪਗੜੀ ਦੇ ਨਾਲ ਅਤੇ ਪਗੜੀ ਤੋਂ ਬਿਨਾਂ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਅਜਿਹੇ ਯੋਗ ਉਮੀਦਵਾਰਾਂ ਦੀ ਡਾਕਟਰੀ ਜਾਂਚ ਸਰੀਰਕ ਜਾਂਚ ਤੋਂ ਅਗਲੇ ਦਿਨ ਕੀਤੀ ਜਾਵੇਗੀ।ਡਾਇਰੈਕਟਰ ਭਰਤੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਆਪਣੀ ਸਬੰਧਤ ਸਕ੍ਰੀਨਿੰਗ ਦੇ ਦਿਨ ਸਵੇਰੇ 06.30 ਵਜੇ ਤੱਕ ਰੈਲੀ ਵਾਲੀ ਥਾਂ ਤੇ ਰਿਪੋਰਟ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਦਾਖਲਾ ਕਾਰਡ ਵੈਬਸਾਈਟ www.joinindianarmy.nic.in ਤੋਂ ਡਾਊਨਲੋਡ ਕਰਨਗੇ।ਉਨ੍ਹਾਂ ਕਿਹਾ ਕਿ ਸਕਰੀਨਿੰਗ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ.ਈ.ਈ.) ਸਬੰਧੀ ਰੈਲੀ ਦੌਰਾਨ ਸੂਚਿਤ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਰੈਲੀ ਕੋਵਿਡ-19 ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆ ਕੀਤੀ ਜਾਵੇਗੀ, ਜਿਸਦੇ ਤਹਿਤ ਕੋਈ ਵੀ ਉਮੀਦਵਾਰ ਇੱਕ ਦਿਨ ਪਹਿਲਾਂ ਰੈਲੀ ਵਾਲੀ ਥਾਂ 'ਤੇ ਰਿਪੋਰਟ ਨਹੀਂ ਕਰੇਗਾ, ਦੋਸਤਾਂ/ਮਾਪਿਆਂ ਨੂੰ ਰੈਲੀ ਵਾਲੀ ਥਾਂ 'ਤੇ ਇਜਾਜ਼ਤ ਨਹੀਂ ਹੈ, ਸਾਰੇ ਉਮੀਦਵਾਰ ਪੰਜ ਦਿਨ ਪਹਿਲਾਂ ਆਰ.ਟੀ-ਪੀ.ਸੀ.ਆਰ. ਟੈਸਟ ਕਰਵਾਉਣਗੇ ਅਤੇ ਸਰਕਾਰੀ ਡਾਕਟਰ ਵੱਲੋਂ ਦਸਤਖਤ ਕੀਤੇ ਕੋਵਿਡ-19 ਨੈਗਟਿਵ ਸਰਟੀਫਿਕੇਟ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਕੋਵੀਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਮਾਸਕ, ਦਸਤਾਨੇ ਅਤੇ ਹੱਥਾਂ ਦੀ ਸਫਾਈ ਰੱਖਣੀ ਲਾਜ਼ਮੀ ਹੋਵੇਗੀ।ਰੈਲੀ ਦੌਰਾਨ ਝੂਠੇ ਨਾਮਾਂਕਣ ਦੀ ਕੋਸ਼ਿਸ਼ ਕਰ ਰਹੇ ਉਮੀਦਵਾਰਾਂ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ।