*ਪੰਜਾਬ ਜਿਉਂਦਾ!*✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

*ਪੰਜਾਬ ਜਿਉਂਦਾ!*

ਦਿੱਲੀਏ! 

ਪੰਜਾਬ ਜਿਉੰਦਾ, 

ਮੋਇਆ ਨਹੀਂ। 

ਇਹ ਕਦੀ ਕਿਸੇ ਅੱਗੇ 

ਰੋਇਆ ਨਹੀਂ! 

ਤੂੰ ਇਕੱਲੀ ਨਹੀਂ, 

 ਪਹਿਲਾਂ ਵੀ 

ਇਸ ਨੂੰ ਮਿਟਾਉਣ ਲਈ 

ਧਾੜਵੀਆਂ ਨੇ 

ਭਾਰੀ ਹਮਲੇ ਕੀਤੇ। 

ਭਰ ਭਰ ਖੂਨ  

ਪਿਆਲੇ ਪੀਤੇ! 

ਨਾ ਡੋਲਿਆ ਨਾ ਰੋਇਆ! 

ਸਗੋਂ ਦੂਣ ਸਵਾਇਆ 

ਹੋਇਆ! 

ਦਿੱਲੀਏ! 

ਤੂੰ ਪੰਜਾਬ ਨੂੰ 

ਰੋਕਣ ਲਈ 

ਭਾਵੇਂ ਕੰਡਿਆਲੀਆਂ ਤਾਰਾਂ ਵਿਛਾ। 

ਰਾਹਾਂ ਵਿਚ ਟੋਏ ਪੁਟਾ! 

ਪਾਣੀ ਦੀਆਂ ਬੁਛਾੜਾਂ ਵਰਾਅ! 

ਪਰ ਇਹ-

ਕਾਰਗਿਲ ਨੂੰ ਫਤਿਹ ਕਰਨਾ ਜਾਣਦੈ! 

 ਲੰਡਨ 'ਚ ਜਾ ਕੇ 

ਭਾਜੀਆਂ ਮੋੜਨਾ ਜਾਣਦੈ! 

ਦਿੱਲੀਏ! 

 2020 ਜੂਨ ਦੀ

ਗੱਲ ਸੁਣਾਵਾਂ! 

ਕੰਨ ਖੋਲ੍ਹ ਲੈ 

ਸੱਚ ਮੈਂ ਪਾਵਾਂ! 

ਇਸ ਦੇ 'ਕੱਲੇ ਪੁੱਤ ਗੁਰਤੇਜ  ਨੇ! 

ਬਿਜਲੀ ਵਾਂਗੂੰ ਵੱਧ ਤੇਜ ਨੇ! 

ਵਿਚ ਗੁਲਵਾਨ ਦੇ 

12 ਚੀਨੀਆਂ ਨੂੰ 

  ਝਟਕਾ

 ਦਿੱਤਾ ਸੀ ! 

ਚੀਨ ਨੂੰ ਕਾਂਬਾ 

ਲਾ ਦਿੱਤਾ ਸੀ! 

ਦਿੱਲੀਏ! 

ਤੂੰ ਪੰਜਾਬ ਨੂੰ 

ਕਦੀ ਅੱਤਵਾਦੀ ਦੱਸਦੀ ਏਂ! 

ਕਦੀ ਵੱਖਵਾਦੀ ਦੱਸਦੀ ਏਂ! 

ਤੂੰ ਕਦੀ ਦਾੜ੍ਹੀ ਤੋਂ ਹੱਸਦੀ ਏਂ। 

ਕਦੀ ਪੱਗ 'ਤੇ ਵਿਅੰਗ ਕੱਸਦੀ ਏਂ! 

ਦਿੱਲੀਏ! 

ਐਵੇਂ ਤੈਨੂੰ ਭਰਮ ਜਿਹਾ। 

ਪੰਜਾਬ ਨੂੰ ਸਮਝੇੰ ਨਰਮ ਜਿਹਾ! 

 ਪੰਜਾਬ ਨੂੰ ਤੂੰ ਦਬਾ ਲਵੇੰਗੀ? 

ਇਸ ਨੂੰ ਨੁੱਕਰੇ 

ਲਾ ਦੇਵੇੰਗੀ? 

ਪੰਜਾਬ ਤਾਂ ਗੁਰੂਆਂ ਦੇ ਨਾਂ 'ਤੇ ਜਿਉੰਦਾ! 

'ਸੱਭ ਦਾ ਭਲਾ' ਸਦਾ 

ਧਿਆਉੰਦਾ! 

ਨਾ ਹੱਕ ਛੱਡਦਾ! 

ਨਾ ਹੱਕ ਮਾਰਦਾ! 

 ਦੂਜਿਆਂ ਲਈ 

ਜਾਨਾਂ ਵਾਰਦਾ ! 

ਇਹ ਪੰਜਾਬ-

ਭਾਰਤ ਲਈ ਜਿਉੰਦਾ! 

ਬਸ! ਭਾਰਤ ਲਈ ਮਰਦਾ! 

ਖੇਤਾਂ ਵਿਚ ਜਾ ਕੰਮ ਹੈ ਕਰਦਾ! 

ਜਾ ਸਰਹੱਦਾਂ ਉੱਤੇ  ਲੜਦਾ! 

ਇਹ ਨਾ ਕਿਸੇ ਨੂੰ ਡਰਾਉੰਦਾ! 

ਨਾ ਕਿਸੇ ਤੋਂ ਇਹੇ ਡਰਦਾ! 

ਦਿੱਲੀਏ! 

ਐਵੇਂ ਭੁਲੇਖਾ  ਖਾ ਬੈਠੀੰ ਨਾ! 

ਪੁੱਠਾ ਚੱਕਰ  ਪਾ ਬੈਠੀੰ ਨਾ! 

ਪੰਜਾਬ ਹੱਕ ਮੰਗਦਾ ਨਹੀਂ, 

ਖੋਹਣੇ ਜਾਣਦੈ! 

 ਤੱਤੀਆਂ ਤਵੀਆਂ 'ਤੇ ਬੈਠ ਕੇ 

ਵੀ ਜਿੰਦਗੀਆਂ ਮਾਣਦੈ! 

-ਸੁਖਦੇਵ ਸਲੇਮਪੁਰੀ 

09780620233 

27 ਨਵੰਬਰ, 2020