ਮਾਮਲਾ: ਸਰਦਾਰਵਾਲਾ ਚ ਦਲਿਤਾਂ ਉੱਤੇ ਹਮਲਾ ਕਰਨ ਵਾਲਿਆਂ ਦੀ ਗਿ੍ਫ਼ਤਾਰੀ ਦਾ

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੀਐੱਸਪੀ ਦਫ਼ਤਰ ਦਾ ਘਿਰਾਓ

ਸ਼ਾਹਕੋਟ,ਨਵੰਬਰ 2020(  ਕਸ਼ਮੀਰ ਸਿੰਘ ਘੁੱਗਸ਼ੋਰ/ਗੁਰਵਿੰਦਰ ਸਿੰਘ ਕਪੂਰਥਲਾ  )- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਰਿਹਾਇਸ਼ੀ ਪਲਾਟਾਂ ਦੇ ਹੱਕ ਲਈ ਪੰਚਾਇਤੀ ਜ਼ਮੀਨ ਵਿੱਚ ਮੋਰਚਾ ਲਗਾ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਦਲਿਤ ਪਰਿਵਾਰਾਂ ਅਤੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਪੇਂਡੂ ਮਜ਼ਦੂਰ ਆਗੂ ਉੱਤੇ ਸਾਜ਼ਿਸ਼ੀ ਢੰਗ ਨਾਲ ਹਮਲਾ ਕਰਨ ਵਾਲੇ ਮਨੂੰਵਾਦੀ ਲੋਕਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਡੀ ਐੱਸ ਪੀ ਦਫ਼ਤਰ ਸ਼ਾਹਕੋਟ ਦਾ ਘੇਰਾਓ ਕੀਤਾ ਗਿਆ।ਐੱਸ ਡੀ ਐੱਮ, ਡੀਐੱਸਪੀ ਸ਼ਾਹਕੋਟ ਤੇ ਐੱਸ ਐੱਸ ਪੀ ਦਫ਼ਤਰ ਵਲੋਂ ਡੀਐੱਸਪੀ ਸੁਰਿੰਦਰਪਾਲ ਸਿੰਘ ਵਲੋਂ ਦੋ ਦੌਰ ਦੀ ਮੀਟਿੰਗ ਕਰਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਤਾਂ ਘੇਰਾਓ ਖ਼ਤਮ ਕੀਤਾ ਗਿਆ।

ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਸੰਬੋਧਨ ਕਰਦਿਆਂ ਕਿਹਾ  ਕਿ ਪੇਂਡੂ ਚੌਧਰੀਆਂ, ਅਫ਼ਸਰਸ਼ਾਹੀ ਅਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਨੇ ਆਪਸੀ ਗੱਠਜੋੜ ਬਣਾਇਆ ਹੋਇਆ ਹੈ।ਇਹ ਮਜ਼ਦੂਰ ਵਿਰੋਧੀ ਗੱਠਜੋੜ ਮਜ਼ਦੂਰਾਂ ਨੂੰ ਮਿਲਣ ਵਾਲੇ ਹੱਕਾਂ ਅਧਿਕਾਰਾਂ ਵਿੱਚ ਰੋਕਾਂ ਖੜੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੀ ਕੁੱਝ ਪਿੰਡ ਸਰਦਾਰਵਾਲਾ ਵਿਖੇ ਹੋਇਆ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਰਿਹਾਇਸ਼ੀ ਪਲਾਟਾਂ ਦਾ ਆਪਣਾ ਹੱਕ ਲੈਣ ਲਈ ਸਰਦਾਰਵਾਲਾ ਵਿਖੇ ਸੰਘਰਸ਼ ਕਰ ਰਹੇ ਪੇਂਡੂ ਮਜ਼ਦੂਰਾਂ ਅਤੇ ਮਜ਼ਦੂਰ ਆਗੂ ਉੱਤੇ 25 ਅਕਤੂਬਰ ਨੂੰ ਸਾਜ਼ਿਸ਼ੀ ਢੰਗ ਨਾਲ ਹਮਲਾ ਕਰਨ ਵਾਲੇ ਸਿਆਸੀ ਰਸੂਖ਼ ਪ੍ਰਾਪਤ ਮਨੂੰਵਾਦੀ ਲੋਕ ਸ਼ਰੇਆਮ ਘੁੰਮ ਰਹੇ ਹਨ ਲੇਕਿਨ ਸਿਆਸੀ ਦਬਾਅ ਹੋਣ ਕਰਕੇ ਪੁਲਿਸ ਉਹਨਾਂ ਨੂੰ ਗਿਰਫ਼ਤਾਰ ਨਹੀਂ ਕਰ ਰਹੀ ਅਤੇ 16-17 ਅਕਤੂਬਰ ਨੂੰ ਦਲਿਤ ਔਰਤਾਂ ਤੇ ਨਾਬਾਲਗ ਬੱਚੇ ਦੀ ਕੁੱਟਮਾਰ ਕਰਨ ਤੇ ਧੱਕੇਸ਼ਾਹੀ ਕਰਨ ਵਾਲਿਆਂ ਵਿਰੁੱਧ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੁਲਿਸ ਥਾਣਾ ਲੋਹੀਆਂ ਖਾਸ ਵਲੋਂ ਅੱਜ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਜਿਸ ਕਰਕੇ ਧੱਕੇਸ਼ਾਹੀ ਕਰਨ ਵਾਲਿਆਂ ਦੇ ਹੌਂਸਲੇ ਵਧੇ ਹੋਏ ਹਨ।ਉਨ੍ਹਾਂ ਅੱਗੇ ਕਿਹਾ ਕਿ ਗੋਰੇ ਅੰਗਰੇਜਾਂ ਦੇ ਜਾਣ ਤੋਂ ਬਾਅਦ ਆਜ਼ਾਦੀ ਬੁੱਢੀ ਹੋ ਗਈ ਲੇਕਿਨ ਸਰਕਾਰਾਂ ਲੋਕਾਂ ਦੇ ਰੋਟੀ,ਕੱਪੜਾ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਤੱਕ ਪੂਰੀਆਂ ਨਹੀਂ ਕਰ ਸਕੀਆਂ।ਇਹ ਸਰਕਾਰਾਂ ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਪੱਖੀ ਨੀਤੀਆਂ ਲਾਗੂ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਪਲਾਟ, ਰੁਜ਼ਗਾਰ, ਬਿਜਲੀ,ਪਾਣੀ ਦਾ ਅਧਿਕਾਰ ਤੁਰੰਤ ਲੋਕਾਂ ਨੂੰ ਦਿੱਤਾ ਜਾਵੇ।

ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਸਿਆਸੀ ਦਬਾਅ ਹੇਠ ਕੰਮ ਕਰ ਰਿਹਾ ਹੈ।ਇਸ ਕਰਕੇ ਹੀ ਸਰਦਾਰਵਾਲਾ ਵਿਖੇ ਦਲਿਤ ਪਰਿਵਾਰਾਂ ਨਾਲ ਧੱਕੇਸ਼ਾਹੀ ਕਰਨ ਪਰਚਾ ਦਰਜ ਹੋਣ ਦੇ ਬਾਵਜੂਦ ਉਹ ਸ਼ਰੇਆਮ ਮਜ਼ਦੂਰਾਂ ਦੇ ਬਰਾਬਰ ਧਰਨਾ ਲਗਾ ਕੇ ਲਲਕਾਰ ਰਹੇ ਹਨ ਅਤੇ ਸਰਕਾਰ ਦੇ ਨੋਟੀਫਿਕੇਸ਼ਨ ਤੇ ਗ੍ਰਾਮ ਸਭਾ ਦੇ ਅਜਲਾਸ ਮੁਤਾਬਕ ਲੋੜਵੰਦ ਕਿਰਤੀ ਲੋਕਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਨਹੀਂ ਕੀਤੇ ਜਾ ਰਹੇ। ਪ੍ਰਸ਼ਾਸਨ ਦੇ ਲਾਰੇ ਹਵਾਈ ਗੋਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਮਗਨਰੇਗਾ ਦਾ ਰੁਜ਼ਗਾਰ ਸਿਆਸਤ ਤੇ ਭਿ੍ਸ਼ਟਾਚਾਰ ਦੀ ਭੇਂਟ ਚੜ੍ਹ ਚੁੱਕਾ ਹੈ।

ਇਸ ਮੌਕੇ ਯੂਨੀਅਨ ਵਲੋਂ ਇੱਕ ਮਤਾ ਪਾਸ ਕਰਕੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਵਾਉਣ ਲਈ 26 ਨਵੰਬਰ ਦੀ ਦੇਸ਼ ਪੱਧਰੀ ਹੜਤਾਲ ਅਤੇ 26-27 ਨਵੰਬਰ ਨੂੰ ਖੇਤੀ ਕਾਨੂੰਨ ਰੱਦ ਕਰਾਉਣ ਤੇ ਬਿਜਲੀ ਐਕਟ 2020 ਰੱਦ ਕਰਵਾਉਣ ਲਈ ਦਿੱਲੀ-ਚੱਲੋ ਅੰਦੋਲਨ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ।

ਇਸ ਮੌਕੇ ਯੂਨੀਅਨ ਨੇ ਇੱਕ ਹਫ਼ਤੇ ਵਿੱਚ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਆਗੂ ਗੁਰਬਖਸ਼ ਕੌਰ ਸਾਦਿਕਪੁਰ, ਬਲਵਿੰਦਰ ਕੌਰ ਦਿਆਲਪੁਰ,ਚੰਨਣ ਸਿੰਘ ਬੁੱਟਰ, ਜਸਵਿੰਦਰ ਫਰਾਲਾ, ਗੁਰਪ੍ਰੀਤ ਸਿੰਘ ਚੀਦਾ, ਸੋਨੂੰ ਅਰੋੜਾ ਲੋਹੀਆਂ, ਇਸਤਰੀ ਜਾਗ੍ਰਿਤੀ ਮੰਚ ਦੀ ਅਨੀਤਾ ਸੰਧੂ ਆਦਿ ਨੇ ਸੰਬੋਧਨ ਕੀਤਾ।