ਮੋਗਾ, ਨਵੰਬਰ 2020 - (ਜੱਜ ਮਸੀਤਾਂ ਅਤੇ ਰਾਣਾ ਸ਼ੇਖਦੌਲਤ )
ਰੱਬ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰ ਇਸ ਕੋਰੋਨਾ ਮਹਾਂਮਾਰੀ ਦੇ ਨਾਜ਼ੁਕ ਦੌਰ 'ਚ ਜੇਕਰ ਕੁਝ ਪੈਸਿਆਂ ਲਈ ਆਪਣਾ ਇਮਾਨ ਵੇਚ ਦੇਣ ਤਾਂ ਫਿਰ ਸਮੁੱਚੇ ਡਾਕਟਰਾਂ ਦੇ ਇਸ ਪਵਿੱਤਰ ਕਿੱਤੇ ਨੂੰ ਵੱਡੀ ਸੱਟ ਹੀ ਨਹੀਂ ਵੱਜਦੀ, ਸਗੋਂ ਆਮ ਲੋਕਾਂ ਦਾ ਭਰੋਸਾ ਵੀ ਟੁੱਟਦਾ ਹੈ। ਬੀਤੀ 3 ਅਗਸਤ ਨੂੰ ਮੋਗਾ ਦੇ ਸਿਵਲ ਹਸਪਤਾਲ 'ਚ ਕੋਰੋਨਾ ਦੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾਕਟਰ ਨਾਰੇਸ਼ ਕੁਮਾਰ ਆਮਲਾ 'ਤੇ ਇਕ ਐਨ. ਆਰ. ਆਈ. ਵਿਅਕਤੀ ਵਲੋਂ ਦੋਸ਼ ਲਾਇਆ ਗਿਆ ਸੀ ਕਿ ਉਕਤ ਡਾਕਟਰ ਨੇ ਉਸ ਤੋਂ ਕੋਰੋਨਾ ਪਾਜ਼ੀਟਿਵ ਰਿਪੋਰਟ ਨੂੰ ਨੈਗੇਟਿਵ ਲਿਖਣ ਲਈ ਪੈਸੇ ਮੰਗੇ ਸਨ ਅਤੇ ਇਹ ਮਾਮਲਾ ਸਿਵਲ ਸਰਜਨ ਫ਼ਰੀਦਕੋਟ ਡਾ. ਰਾਜ ਕੁਮਾਰ ਕੋਲ ਵੀ ਪੁੱਜਾ ਸੀ ਅਤੇ ਉਨ੍ਹਾਂ ਨੇ ਵੀ ਉਕਤ ਡਾਕਟਰ 'ਤੇ ਪੈਸੇ ਲੈ ਕੇ ਰਿਪੋਰਟਾਂ ਬਦਲਣ ਦਾ ਦੋਸ਼ ਲਾਇਆ ਸੀ, ਜਿਸ ਦੇ ਚੱਲਦਿਆਂ ਸਿਹਤ ਵਿਭਾਗ, ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਜਾਂਚ 'ਚ ਲੱਗੇ ਹੋਏ ਸਨ। ਜਾਂਚ ਤੋਂ ਬਾਅਦ ਡਾਕਟਰ ਨਰੇਸ਼ ਕੁਮਾਰ ਆਮਲਾ 'ਤੇ ਜਿਹੜੇ ਦੋਸ਼ ਲੱਗੇ ਸਨ, ਉਹ ਸਹੀ ਪਾਏ ਗਏ ਹਨ। ਐਨ. ਆਰ. ਐਚ. ਐਮ. ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਰਾਹੁਲ ਆਈ. ਏ. ਐਸ. ਵਲੋਂ ਇਸ ਸਬੰਧੀ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਕੋਲ ਲਿਖਤੀ ਤੌਰ 'ਤੇ ਆ ਚੁੱਕਾ ਹੈ ਕਿ ਦੋਸ਼ੀ ਪਾਏ ਗਏ ਡਾਕਟਰ ਦੀਆਂ 7 ਦਿਨਾਂ ਬਾਅਦ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣ।