ਲਖਨਊ, ਅਪਰੈਲ ਬਸਪਾ ਸੁਪਰੀਮੋ ਮਾਇਆਵਤੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਮਾਮਲੇ ’ਚ ਕਾਂਗਰਸ ਭਾਜਪਾ ਤੋਂ ਘੱਟ ਨਹੀਂ ਹੈ। ਮਾਇਆਵਤੀ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਮੱਧ ਪ੍ਰਦੇਸ਼ ਦੀ ਗੁਨਾ ਲੋਕ ਸਭਾ ਸੀਟ ’ਤੇ ਬਸਪਾ ਦੇ ਉਮੀਦਵਾਰ ਨੂੰ ਕਾਂਗਰਸ ਪਾਰਟੀ ਨੇ ਡਰਾ-ਧਮਕਾ ਕੇ ਬਿਠਾ ਦਿੱਤਾ, ਪਰ ਬਸਪਾ ਇੱਥੇ ਆਪਣੇ ਚੋਣ ਚਿੰਨ੍ਹ ’ਤੇ ਹੀ ਲੜ ਕੇ ਇਸ ਦਾ ਜਵਾਬ ਦੇਵੇਗੀ ਤੇ ਹੁਣ ਕਾਂਗਰਸ ਸਰਕਾਰ ਨੂੰ ਆਪਣਾ ਸਮਰਥਨ ਜਾਰੀ ਰੱਖਣ ’ਤੇ ਵੀ ਮੁੜ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਐਨਾ ਹੀ ਨਹੀਂ, ਮੱਧ ਪ੍ਰਦੇਸ਼ ਤੋਂ ਪ੍ਰਾਪਤ ਖ਼ਬਰਾਂ ਮੁਤਾਬਕ ਕਾਂਗਰਸ ਉੱਥੇ ਭਾਜਪਾ ਨਾਲ ਘੱਟ ਤੇ ਬਸਪਾ ਨਾਲ ਜ਼ਿਆਦਾ ਲੜ ਰਹੀ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਇਸ ਤਰ੍ਹਾਂ ਭਾਜਪਾ ’ਤੇ ਤਾਂ ਕਾਫ਼ੀ ਮਿਹਰਬਾਨ ਜਾਪਦੀ ਹੈ ਪਰ ਬਸਪਾ ਦੇ ਲੋਕਾਂ ’ਤੇ ਫ਼ਰਜ਼ੀ ਮੁਕੱਦਮੇ ਆਦਿ ਦਰਜ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਡਰਾ-ਧਮਕਾ ਕੇ ਤੇ ਲਾਲਚ ਦੇ ਕੇ ਤੋੜ ਕੇ ਬਸਪਾ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਦੋਗਲਾ ਚਿਹਰਾ ਹੈ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਇਹ ਸਾਜ਼ਿਸ਼ ਉਸ ਵੇਲੇ ਕਰ ਰਹੀ ਹੈ ਜਦ ਬਸਪਾ ਨੇ ਭਾਜਪਾ ਖ਼ਿਲਾਫ਼, ਕਾਂਗਰਸ ਨੂੰ ਇੱਥੋਂ ਬਾਹਰ ਤੋਂ ਆਪਣਾ ਸਮਰਥਨ ਦੇ ਦਿੱਤਾ ਹੈ। ਮਾਇਆਵਤੀ ਨੇ ਕਿਹਾ ਕਿ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਪੁਰਾਣਾ ਰਵੱਈਆ ਛੱਡਣ ਲਈ ਤਿਆਰ ਨਹੀਂ।