ਅੱਗ ਲੱਗੀ ਜਗਰਾਵਾਂ!✍️ ਸਲੇਮਪੁਰੀ ਦੀ ਚੂੰਢੀ

 

 

ਅੱਗ ਲੱਗੀ ਜਗਰਾਵਾਂ!

- ਦਿੱਲੀ ਵਿਚ  ਧੂੰਏਂ ਦੇ ਕਾਲੇ ਬੱਦਲ ਛਾਏ ਹੋਏ ਹਨ, ਜਿਸ ਨੂੰ ਲੈ ਕੇ ਦਿੱਲੀ  ਵਲੋਂ ਪੰਜਾਬ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਪੰਜਾਬ  ਉਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ, ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦਾ ਹੈ , ਜੋ ਦਿੱਲੀ ਦੇ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। 

ਦਿੱਲੀ ਵਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਇਹ ਪਹਿਲਾ ਮੌਕਾ ਨਹੀਂ, ਸਗੋਂ ਹਰ ਰੋਜ ਕੋਈ ਨਾ ਕੋਈ ਬਹਾਨਾ ਲਗਾ ਕੇ ਕੌਮੀ ਨਹੀਂ ਬਲਕਿ ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਅਕਸ ਖਰਾਬ ਕਰਨ ਲਈ ਘਟੀਆ ਪੱਧਰ ਦੀਆਂ ਵਿਉਂਤਬੰਦੀਆਂ ਘੜਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਪੰਜਾਬ ਨੂੰ ਕਦੀ 'ਅੱਤਵਾਦੀ' ਅਤੇ 

ਕਦੀ 'ਵੱਖਵਾਦੀ ' ਕਹਿ ਕੇ ਭੰਡਿਆ ਜਾਂਦਾ ਹੈ। ਮਾਰਚ, 2020 ਦੌਰਾਨ ਜਦੋਂ ਭਾਰਤ ਵਿਚ ਕੋਰੋਨਾ ਨੇ ਦਸਤਕ ਦਿੱਤੀ ਤਾਂ ਉਸ ਵੇਲੇ ਵੀ ਪੰਜਾਬ ਨੂੰ ਦਿੱਲੀ ਨੇ ਰੱਜ ਕੇ ਭੰਡਿਆ ਅਤੇ ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਦੇਸ਼ ਵਿਚ ਕੋਰੋਨਾ ਫੈਲਾਉਣ ਲਈ 'ਮਨੂੰਵਾਦੀ ਮੀਡੀਆ ' ਵਲੋਂ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਬਦਨਾਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ । ਅਸਲ ਵਿਚ ਕੱਟੜਪੰਥੀ ਮੀਡੀਆ ਵਲੋਂ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਤੀ ਇਹ ਸੋਚ ਰੱਖਣਾ ਕਿ ਇਹ ਦੋਵੇਂ ਸੂਬੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਪੈਦਾ ਕਰ ਰਹੇ ਹਨ, ਸਰਾਸਰ ਗਲਤ ਹੈ। ਜਦਕਿ ਸੱਚਾਈ ਇਹ ਹੈ ਕਿ

'ਮਨੂੰਵਾਦੀ ਵਿਚਾਰਧਾਰਾ' ਨੂੰ ਲੈ ਕੇ ਚੱਲ ਰਿਹਾ 'ਮੀਡੀਆ' ਖੁਦ ਹੀ ਦੇਸ਼ ਵਿਚ 'ਅੱਤਵਾਦ ਅਤੇ ਵੱਖਵਾਦ' ਦਾ ਬੀਜ ਬੀਜ ਰਿਹਾ ਹੈ। ਦਿੱਲੀ ਵਲੋਂ ਪੰਜਾਬ ਵਿਚ ਰੇਲਾਂ ਦੀ ਆਵਾਜਾਈ ਉਪਰ ਰੋਕ ਲਗਾਉਣਾ, ਪੰਜਾਬ ਨਾਲ ਸਰਾਸਰ ਧੱਕਾ ਹੀ ਨਹੀਂ ਬਲਕਿ ਪੱਖਵਾਦ ਦੀ ਤਾਜਾ ਅਤੇ ਜਿਉਂਦੀ ਮਿਸਾਲ ਹੈ। ਪੰਜਾਬ ਤੋਂ ਚੰਡੀਗੜ੍ਹ ਖੋਹਣਾ, ਅਤੇ ਹੁਣ "ਪੰਜਾਬ ਯੂਨੀਵਰਸਿਟੀ"  ਖੋਹਣ ਦੀ ਤਿਆਰੀ ,ਚਿੱਟੇ ਦਿਨ ਧੋਖਾ ਨਹੀਂ ਤਾਂ ਹੋਰ ਕੀ ਆ? ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਵਿਚ 'ਅੱਤਵਾਦ' ਪੰਜਾਬ ਫੈਲਾ ਰਿਹਾ ਹੈ ਜਾਂ ਫਿਰ ਦਿੱਲੀ ਵੱਡੀ ਭੂਮਿਕਾ ਨਿਭਾ ਰਹੀ ਹੈ। ਦਿੱਲੀ ਤਾਂ ਪੰਜਾਬ ਨੂੰ ਤਿਹਾਇਆ ਮਾਰਨ ਲਈ ਇਸ ਤੋਂ ਪਾਣੀ ਖੋਹਣ ਲਈ ਵੀ ਹਰ ਰੋਜ ਨੀਤੀਆਂ ਅਖਤਿਆਰ ਕਰ ਰਹੀ ਹੈ, ਫਿਰ ਅੱਤਵਾਦੀ ਕੌਣ ਹੈ? 

ਇਥੇ ਹੀ ਬਸ ਨਹੀਂ ਦੇਸ਼ ਦੇ ਜੇ ਕਿਸੇ ਕੋਨੇ ਵਿਚ ਟਰੱਕ ਦਾ ਟਾਇਰ ਫੱਟਣ ਨਾਲ ਜਾਂ ਕਿਸੇ ਫੈਕਟਰੀ ਵਿਚ ਕਿਸੇ ਰਸਾਇਣ ਨਾਲ ਕੋਈ ਧਮਾਕਾ ਵੀ ਹੋ ਜਾਵੇ ਤਾਂ ਦਿੱਲੀ ਅਤੇ ਮਨੂੰਵਾਦੀ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਲਈ ਇਸ ਨੂੰ ਵੀ 'ਅੱਤਵਾਦੀ ਕਾਰਵਾਈ' ਕਹਿਣ ਤੋਂ ਪਿੱਛੇ ਨਹੀਂ ਹੱਟਦਾ। ਭਲਾ ਦਿੱਲੀ ਅਤੇ ਮਨੂੰਵਾਦੀ ਮੀਡੀਆ ਨੂੰ ਕੋਈ ਇਹ ਪੁੱਛੇ ਕਿ ਜਿਸ " ਪੰਜਾਬ" ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ ਹੋਣ, ਤਸੀਹੇ ਝੱਲੇ ਹੋਣ ਉਹ 'ਅੱਤਵਾਦੀ' ਕਦੋਂ ਬਣ ਗਿਆ? 

ਪਤਾ ਨਹੀਂ ਦਿੱਲੀ ਕਿਉਂ ਪੰਜਾਬ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਹੈ, ਕਿਉਂ ਪੰਜਾਬ ਨਾਲ ਪੱਖਪਾਤ ਕਰ ਰਹੀ ਹੈ? ਉਹ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਨ ਲਈ ਦਿਨ ਰਾਤ ਮਿਹਨਤ ਕਰਦਾ ਹੈ, ਦਿੱਲੀ ਦੀਆਂ ਅੱਖਾਂ ਵਿਚ ਕਿਉਂ ਰੜਕਦਾ ਰਹਿੰਦਾ ਹੈ? ਦਿੱਲੀ ਪੰਜਾਬ ਨੂੰ ਕਿਉਂ ਕਮਜੋਰ ਕਰਨਾ ਚਾਹੁੰਦੀ। ਕਿੱਡੇ ਸਿਤਮ ਦੀ ਗੱਲ ਹੈ ਕਿ ਹੁਣ ਤਾਂ ਦਿੱਲੀ  ਨੇ ਪ੍ਰਦੂਸ਼ਣ ਲਈ ਪੰਜਾਬ ਨੂੰ ਕੌਮਾਂਤਰੀ ਪੱਧਰ 'ਤੇ  ਭੰਡ ਕੇ  ਰੱਖ ਦਿੱਤਾ ਹੈ।ਭਲਾ  ਕੋਈ ਦਿੱਲੀ ਨੂੰ ਪੁੱਛਣ ਵਾਲਾ ਹੋਵੇ ਕਿ ਜੇ ਪੰਜਾਬ  ਪਰਾਲੀ ਨੂੰ ਅੱਗਾਂ ਲਗਾਉਂਦਾ ਹੋਵੇ  ਤਾਂ ਇਥੇ   ਧੂੰਏਂ ਦੇ ਕਾਲੇ ਬੱਦਲ ਕਿਉਂ ਨਹੀਂ ਦਿਖਾਈ ਦੇ ਰਹੇ , ਇਥੇ ਤਾਂ ਅਕਾਸ਼ ਸਾਫ ਦਿਖਾਈ ਦੇ ਰਿਹਾ ਹੈ।। ਬਸ, ਪੰਜਾਬ ਦੀ ਛਵੀ ਖਰਾਬ ਕਰਨ ਲਈ ਇਸ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਤਾਂ ਉਹੀ ਗੱਲ ਹੋਈ 

" ਅਖੇ ਅੱਗ ਲੱਗੀ ਜਗਰਾਵਾਂ, 

ਧੂੰਆਂ ਨਿਕਲਿਆ ਬੋਪਾਰਾਵਾਂ" 

ਜੇ ਪੰਜਾਬ ਪਰਾਲੀ ਨੂੰ ਅੱਗ ਲਗਾਉਂਦਾ ਹੋਵੇ ਤਾਂ ਫਿਰ ਇਥੇ ਧੂੰਏਂ ਦੇ ਬੱਦਲ ਕਿਉਂ ਨਹੀਂ ਛਾਏ? 

-ਸੁਖਦੇਵ ਸਲੇਮਪੁਰੀ 

11ਨਵੰਬਰ, 2020.