ਬੇਭਰੋਸਗੀ ਕਾਰਨ ਵੱਧ ਸਕਦੇ ਹਨ ਵਿਸ਼ਵ ਯੁੱਧ ਦੇ ਖ਼ਤਰੇ

ਲੰਡਨ, ਨਵੰਬਰ 2020 -(ਏਜੰਸੀ )

 ਬਿ੍ਟੇਨ ਦੇ ਫ਼ੌਜ ਮੁਖੀ ਨੇ ਵਿਸ਼ਵ ਵਿਚ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਵਿਸ਼ਵ ਯੁੱਧ ਦੇ ਖ਼ਤਰੇ ਪ੍ਰਤੀ ਆਗਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਅਤੇ ਅਰਥਚਾਰੇ ਦੇ ਸੰਕਟ ਨੇ ਇਸ ਤਰ੍ਹਾਂ ਦੇ ਸ਼ੰਕਿਆਂ ਨੂੰ ਵਧਾ ਦਿੱਤਾ ਹੈ। ਮੁਕਾਬਲੇਬਾਜ਼ੀ ਦੇ ਦੌਰ ਵਿਚ ਖੇਤਰੀ ਤਣਾਅ ਵੀ ਅਜਿਹੇ ਹਾਲਾਤ ਦਾ ਮਾਹੌਲ ਪੈਦਾ ਕਰ ਰਹੇ ਹਨ।

ਬਿ੍ਟੇਨ ਦੇ ਫ਼ੌਜ ਮੁਖੀ ਨਿਕ ਕਾਰਟਰ ਨੇ ਜੰਗ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਕਰਵਾਏ ਇਕ ਪ੍ਰਰੋਗਰਾਮ ਵਿਚ ਕਿਹਾ ਕਿ ਖੇਤਰੀ ਵਿਵਾਦ ਤੇਜ਼ੀ ਨਾਲ ਵਧੇ ਹਨ ਅਤੇ ਫ਼ੈਸਲਾ ਲੈਣ ਵਿਚ ਕੀਤੀਆਂ ਗਈਆਂ ਗ਼ਲਤੀਆਂ ਨਾਲ ਵਿਸ਼ਵ ਵਿਚ ਕਈ ਥਾਵਾਂ 'ਤੇ ਤਣਾਅ ਵਧਿਆ ਹੈ। ਵਿਸ਼ਵ ਮੁਕਾਬਲੇਬਾਜ਼ੀ ਇਕ ਨਿਸ਼ਚਿਤ ਪ੍ਰਕਿਰਿਆ ਹੈ ਅਤੇ ਇਸ ਤੋਂ ਵੀ ਬੇਭਰੋਸਗੀ ਅਤੇ ਚਿੰਤਾ ਦਾ ਮਾਹੌਲ ਬਣ ਰਿਹਾ ਹੈ।

ਬਿ੍ਟੇਨ ਦੇ ਫ਼ੌਜ ਮੁਖੀ ਨੇ ਕਿਹਾ ਕਿ ਇਹ ਵਾਸਤਵਿਕ ਕਾਰਨ ਹੀ ਇਕ ਹੋਰ ਵਿਸ਼ਵ ਯੁੱਧ ਦਾ ਖ਼ਤਰਾ ਪੈਦਾ ਕਰ ਰਹੇ ਹਨ। ਯੁੱਧ ਦੇ ਖ਼ਤਰੇ ਨੂੰ ਟਾਲਣ ਲਈ ਸਾਨੂੰ ਪਿਛਲੀਆਂ ਜੰਗਾਂ ਵਿਚ ਹੋਈਆਂ ਮੌਤਾਂ ਅਤੇ ਲਏ ਗਏ ਫ਼ੈਸਲਿਆਂ ਵਿਚ ਗ਼ਲਤੀਆਂ ਨੂੰ ਸਮਝਣਾ ਹੋਵੇਗਾ। ਇਹ ਗ਼ਲਤੀਆਂ ਦੁਹਰਾਈਆਂ ਜਾ ਸਕਦੀਆਂ ਹਨ। ਪਿਛਲੇ ਜੋ ਵੀ ਯੁੱਧ ਹੋਏ ਉਨ੍ਹਾਂ ਤੋਂ ਹੋਏ ਨੁਕਸਾਨ ਨੂੰ ਜੇਕਰ ਅਸੀਂ ਭੁੱਲਦੇ ਹਾਂ ਤਾਂ ਇਸ ਨਾਲ ਜੰਗ ਦੇ ਖ਼ਤਰੇ ਵੱਧ ਜਾਂਦੇ ਹਨ।

ਨਿਕ ਕਾਰਟਰ ਨੇ ਕਿਹਾ ਹੈ ਇਤਿਹਾਸ ਕਦੀ ਆਪਣੇ ਨੂੰ ਖ਼ੁਦ ਨਹੀਂ ਦੁਹਰਾ ਸਕਦਾ ਪ੍ਰੰਤੂ ਇਹ ਇਕ ਪ੍ਰਕਿਰਿਆ ਹੈ। ਜੇ ਤੁਸੀਂ ਪਿਛਲੇ ਦੋ ਵਿਸ਼ਵ ਯੁੱਧਾਂ ਤੋਂ ਪਹਿਲਾਂ ਦੇ ਹਾਲਾਤ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਸ ਸਮੇਂ ਕੀਤੇ ਗਏ ਗ਼ਲਤ ਫ਼ੈਸਲਿਆਂ ਕਾਰਨ ਹੀ ਅੱਗੇ ਜੰਗ ਦੇ ਹਾਲਾਤ ਬਣੇ। ਸਾਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਉਸ ਤਰ੍ਹਾਂ ਦੇ ਹਾਲਾਤ ਮੁੜ ਨਾ ਬਣਨ।