ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਕਿਹਾ ਹੈ ਕਿ ਅਕਾਲੀਆਂ ਨੂੰ ਲੁਧਿਆਣਾ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਦੀ ਬਜਾਏ, ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਆਯੋਜਿਤ ਜੰਤਰ-ਮੰਤਰ ਵਿਖੇ ਹੋ ਰਹੇ ਧਰਨੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। 'ਜੇ ਅਕਾਲੀਆਂ ਨੂੰ ਪੰਜਾਬੀਆਂ ਦੇ ਅਧਿਕਾਰਾਂ ਪ੍ਰਤੀ ਇੰਨੀ ਚਿੰਤਾ ਹੈ, ਤਾਂ ਉਨ੍ਹਾਂ ਨੂੰ ਪੰਜਾਬ ਦੀ ਬਜਾਏ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਕਰਨ' ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ। ਸੰਸਦ ਮੈਂਬਰ ਬਿੱਟੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਅਜਿਹੀ ਸਥਿਤੀ ਵਿੱਚ ਅਕਾਲੀਆਂ ਨੂੰ ਛੋਟੇ ਰਾਜਨੀਤਿਕ ਲਾਭਾਂ ਲਈ ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਪੰਜਾਬ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ 'ਤੇ ਧਿਆਨ ਦੇਣਾ ਚਾਹੀਦਾ ਹੈ।ਜਿਕਰਯੋਗ ਹੈ ਕਿ ਮੁੱਠੀ ਭਰ ਅਕਾਲੀ ਵਰਕਰਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਮਾਡਲ ਗ੍ਰਾਮ ਵਿਖੇ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਨੇੜੇ ਇੱਕ ਰੋਸ ਪ੍ਰਦਰਸ਼ਨ ਕੀਤਾ।ਅਕਾਲੀਆਂ 'ਤੇ ਵਰ੍ਹਦਿਆਂ ਵਿਧਾਇਕ ਸੁਰਿੰਦਰ ਡਾਵਰ, ਸੰਜੇ ਤਲਵਾੜ ਅਤੇ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਅਕਾਲੀਆਂ ਕੋਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਰਗੇ ਇਮਾਨਦਾਰ ਨੇਤਾ ਤੋਂ ਸਵਾਲ ਪੁੱਛਣ ਲਈ ਕੋਈ ਠੋਸ ਦਲੀਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਆਪਣੇ ਲੰਬੇ ਸਮੇਂ ਤੋਂ ਗੁਆਚੇ ਰਾਜਨੀਤਿਕ ਅਧਾਰ ਨੂੰ ਬਚਾਉਣ ਲਈ ਬੇਤੁੱਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਵਿਧਾਇਕਾਂ ਨੇ ਕਿਹਾ ਕਿਹਾ ਕਿ ਲੋਕਾਂ ਨੇ ਅਕਾਲੀਆਂ ਦੇ ਅਸਲ ਰੰਗ ਵੇਖ ਲਏ ਹਨ ਅਤੇ ਇਸੇ ਲਈ ਉਹ ਇਸ ਤਰਾਂ ਦੇ ਬੇਤੁਕੇ ਬਿਆਨ ਜਾਰੀ ਕਰ ਰਹੇ ਹਨ।
ਮੇਅਰ ਬਲਕਾਰ ਸਿੰਘ ਸੰਧੂ ਅਤੇ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਸੁਬਰਾਮਨੀਅਮ ਨੇ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੀ ਪ੍ਰਵਾਨਗੀ 'ਤੇ ਦਸਤਖਤ ਕੀਤੇ ਸਨ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਵਿੱਚ ਖੇਤੀ ਆਰਡੀਨੈਂਸਾਂ ਦੀ ਪ੍ਰਸ਼ੰਸਾ ਕਰਦਿਆਂ ਅਧਿਕਾਰਤ ਬਿਆਨ ਦਿੱਤੇ ਸਨ। ਪਰ ਜਦੋਂ ਲੋਕਾਂ ਨੇ ਅਤੇ ਪੰਜਾਬ ਸਰਕਾਰ ਨੇ ਇਸ 'ਤੇ ਇਤਰਾਜ਼ ਜਤਾਇਆ, ਤਾਂ ਉਹ ਪਿੱਛੇ ਹਟਣ ਲਈ ਨਾ ਸਿਰਫ ਮਜਬੂਰ ਹੋਏ ਸਗੋਂ ਕਿਸਾਨਾਂ ਦੇ ਹੱਕ ਵਿੱਚ ਮਗਰਮੱਛ ਦੇ ਹੰਝੂ ਵੀ ਵਹਾਉਣ ਲੱਗ ਪਏ। ਇਹ ਸਪਸ਼ਟ ਤੌਰ ਤੇ ਅਕਾਲੀਆਂ ਦੇ ਮੌਕਾਪ੍ਰਸਤ ਸੁਭਾਅ ਨੂੰ ਦਰਸਾਉਂਦਾ ਹੈ ਅਤੇ ਪੰਜਾਬੀ ਕਿਸਾਨ ਉਨ੍ਹਾਂ ਦੇ ਵਿਰੋਧ ਵਿੱਚ ਕੀਤੇ ਇਨ੍ਹਾਂ ਦੇ ਮਾੜੇ ਕੰਮਾਂ ਨੂੰ ਕਦੇ ਨਹੀਂ ਭੁੱਲਣਗੇ।ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਅਤੇ (ਦਿਹਾਤੀ) ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੀ ਭਰੋਸੇਯੋਗਤਾ 'ਤੇ ਸਵਾਲ ਕਰਨ ਤੋਂ ਪਹਿਲਾਂ ਅਕਾਲੀਆਂ ਨੂੰ ਉਨ੍ਹਾਂ ਦੇ 10 ਸਾਲਾਂ ਸਾਸ਼ਨ ਦੌਰਾਨ 31000 ਕਰੋੜ ਰੁਪਏ ਦੇ ਜਨਤਕ ਫੰਡਾਂ ਦੀ ਘਪਲੇਵਾਜੀ ਬਾਰੇ ਸਫਾਈ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਭਾਰਤ ਭੂਸ਼ਣ ਆਸ਼ੂ ਵਰਗੇ ਇਮਾਨਦਾਰ ਨੇਤਾ ਤੋਂ ਪੁੱਛਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਅਤੇ ਜੇਕਰ ਉਨ੍ਹਾਂ ਨੂੰ ਪੰਜਾਬ ਬਾਰੇ ਇੰਨੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੀ ਲੀਡਰਸ਼ਿਪ ਤੋਂ ਪ੍ਰਸ਼ਨ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ 31,000 ਕਰੋੜ ਰੁਪਏ ਦੀ ਘਪਲੇਵਾਜੀ ਕਿਉਂ ਹੋਈ।
ਨਗਰ ਨਿਗਮ ਕੌਂਸਲਰ ਅਤੇ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੋਇਆ ਅਕਾਲੀ ਵਿਰੋਧ ਇੱਕ ਹੋਰ ਸਿਆਸੀ ਚਾਲ ਵਰਗਾ ਹੈ ਕਿਉਂਕਿ ਮਹੇਸ਼ ਇੰਦਰ ਸਿੰਘ ਗਰੇਵਾਲ ਵਰਗੇ ਅਸਫਲ ਆਗੂ ਹੁਣ ਵਿਧਾਨ ਸਭਾ ਚੋਣਾਂ ਲੜਨ ਲਈ ਤਰਲੋ-ਮੱਛੀ ਹੋ ਰਹੇ ਹਨ। ਅਕਾਲੀ ਦਲ ਅਜੇ ਵੀ ਭਾਜਪਾ ਵੱਲੋਂ ਤੋੜ-ਵਿਛੋੜ ਦੇ ਸਦਮੇ ਤੋਂ ਬਾਹਰ ਨਹੀਂ ਆ ਰਿਹਾ।ਉਨ੍ਹਾ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੀ ਇਮਾਨਦਾਰੀ ਅਤੇ ਭਰੋਸੇਯੋਗਤਾ ਬਾਰੇ ਹਰ ਕੋਈ ਜਾਣਦਾ ਹੈ, ਜੋ ਸਾਲ 1997 ਤੋਂ ਹੁਣ ਤੱਕ ਇੱਕ ਵੀ ਚੋਣ ਨਹੀਂ ਹਾਰੇ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਆਸ਼ੂ ਨੂੰ ਸਾਲ-ਦਰ-ਸਾਲ ਲੁਧਿਆਣਾ ਦੇ ਲੋਕ ਸਵੀਕਾਰਦੇ ਰਹੇ ਹਨ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਾਰਵਾਈਆਂ ਤੋਂ, ਕੋਈ ਵੀ ਆਸਾਨੀ ਨਾਲ ਇਹ ਜਾਣ ਸਕਦਾ ਹੈ ਕਿ ਉਹ ਪੰਜਾਬ ਦੀ ਖੇਤੀਬਾੜੀ, ਉਦਯੋਗ ਅਤੇ ਸਮੁੱਚੀ ਆਰਥਿਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੇਂਦਰ ਸਰਕਾਰ ਦੇ ਟ੍ਰੇਨਾਂ ਨਾ ਚਲਾਉਣ ਦੇ ਤਾਨਾਸ਼ਾਹੀ ਰਵੱਈਏ ਕਰਕੇ ਹੌਜ਼ਰੀ, ਟੈਕਸਟਾਈਲ, ਸਾਈਕਲ ਪਾਰਟਸ ਅਤੇ ਆਟੋਮੋਟਿਵ ਕੰਪੋਨੈਂਟਸ ਆਪਣੇ ਉਤਪਾਦ ਵੇਚ ਨਹੀਂ ਸਕਣਗੇ ਕਿਉਂਕਿ ਕੇਂਦਰ ਵਿਚਲੀ ਮੋਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਨਰਿੰਦਰ ਮੋਦੀ ਇਕ ਤਾਨਾਸ਼ਾਹ ਵਾਂਗ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਹੀ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਆਪਣਾ ਖੂਨ ਤੇ ਪਸੀਨਾ ਵਹਾਇਆ ਹੈ ਅਤੇ ਉਹ ਮੋਦੀ ਸਰਕਾਰ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਣਗੇੇ। 'ਲੋਕਾਂ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਕਿਉਂ ਨਹੀਂ ਗਿਆ? ਉਨ੍ਹਾਂ ਕਿਹਾ, ਹੋ ਸਕਦਾ ਹੈ ਕਿ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਡਰਦਾ ਹੋਵੇ I