ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )- ਬਰਤਾਨਵੀ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਇਕ ਵਿਵਾਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬੋਰਿਸ ਜੌਹਨਸਨ ਅਤੇ ਉਨ੍ਹਾਂ ਦੀ ਸਾਥਣ ਦੇ ਘਰ ਪੁਲੀਸ ਬੁਲਾਈ ਗਈ। ਇਹ ਘਟਨਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਜੌਹਨਸਨ ਦੇ ਆਖ਼ਰੀ ਦੋ ਵਿਚ ਥਾਂ ਬਣਾਉਣ ਦੇ ਕੁਝ ਘੰਟਿਆਂ ਬਾਅਦ ਹੋਈ ਹੈ। ‘ਦਿ ਗਾਰਡੀਅਨ’ ਦੀ ਖ਼ਬਰ ਮੁਤਾਬਕ ਜੌਹਨਸਨ ਦੇ ਗੁਆਂਢੀ ਨੇ ਬੋਰਿਸ ਦੀ ਸਾਥਣ ਦੇ ਦੱਖਣੀ ਲੰਡਨ ਸਥਿਤ ਘਰੋਂ ਚੀਕਣ, ਰੌਲਾ ਪੈਣ ਤੇ ਹੋਰ ਕਈ ਤਰ੍ਹਾਂ ਦਾ ਖੜਕਾ ਸੁਣ ਕੇ ਪੁਲੀਸ ਨੂੰ ਸੂਚਿਤ ਕੀਤਾ। ਅਖ਼ਬਾਰ ਮੁਤਾਬਕ ਜੌਹਨਸਨ ਦੀ ਸਾਥਣ ਕੈਰੀ ਸਾਇਮੰਡਜ਼ ਲੰਡਨ ਦੇ ਸਾਬਕਾ ਮੇਅਰ ਨੂੰ ‘ਉਸ ਦੇ ਫਲੈਟ ਵਿਚੋਂ ਬਾਹਰ ਨਿਕਲਣ’ ਤੇ ‘ਉਸ ਤੋਂ ਦੂਰ ਹੋਣ’ ਲਈ ਉੱਚੀ ਆਵਾਜ਼ ਵਿਚ ਕਹਿ ਰਹੀ ਸੀ। ਲੰਡਨ ਦੀ ਮੈਟਰੋਪੌਲਿਟਨ ਪੁਲੀਸ ਜਦ ਘਰ ਪੁੱਜੀ ਤਾਂ ਸਾਰੇ ਠੀਕ-ਠਾਕ ਪਾਏ ਗਏ। ਜੌਹਨਸਨ ਇਸ ਵੇਲੇ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ ਤੇ ਜੈਰੇਮੀ ਹੰਟ ਨੂੰ ਪਛਾੜਨ ਦੇ ਤਕੜੇ ਦਾਅਵੇਦਾਰ ਹਨ। ਜੌਹਨਸਨ ਤੇ ਹੰਟ ਵੱਲੋਂ ਹੇਠਲੇ ਪੱਧਰ ’ਤੇ ਕੰਜ਼ਰਵੇਟਿਵ ਆਗੂਆਂ ਦਾ ਦਿੱਲ ਜਿੱਤਣ ਲਈ ਹੁਣ ਮਹੀਨੇ ਦਾ ਕੌਮੀ ਪੱਧਰ ਦਾ ਦੌਰਾ ਆਰੰਭਿਆ ਗਿਆ ਹੈ। ਇਨ੍ਹਾਂ ਦੇ ਸਿਰ ’ਤੇ ਹੀ ਇਨ੍ਹਾਂ ਦੋਵਾਂ ਵਿਚੋਂ ਇਕ ਟੋਰੀ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਬਣਨ ਵਿਚ ਕਾਮਯਾਬ ਹੋ ਸਕੇਗਾ। ਦੱਸਣਯੋਗ ਹੈ ਕਿ ਬ੍ਰੈਗਜ਼ਿਟ ਲਈ ਆਖ਼ਰੀ ਮਿਤੀ 31 ਅਕਤੂਬਰ ਹੈ। ਦੋਵੇਂ ਆਗੂ ਬਰਤਾਨੀਆ ਦੇ ਹਿੱਤ ਸੁਰੱਖਿਅਤ ਰੱਖਦਿਆਂ ਮੁਲਕ ਨੂੰ ਯੂਰੋਪੀਅਨ ਯੂਨੀਅਨ ਵਿਚੋਂ ਕੱਢਣ ਦਾ ਦਾਅਵਾ ਕਰਦਿਆਂ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਇਹ ਮਾਮਲਾ ਜੌਹਨਸਨ ਦੇ ਹਿੱਤਾਂ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਕਿਉਂਕਿ ਲਗਭਗ ਸਾਰੀਆਂ ਅਖ਼ਬਾਰਾਂ ਨੇ ਅੱਜ ਇਸ ਖ਼ਬਰ ਨੂੰ ਮੁਲਕ ਵਿਚ ਪਹਿਲੇ ਪੰਨੇ ’ਤੇ ਛਾਪਿਆ ਹੈ। ਕੁਝ ਰਿਪੋਰਟਾਂ ਮੁਤਾਬਕ ਗੁਆਂਢੀ ਨੇ ਘਟਨਾ ਦੀ ਆਡੀਓ ਰਿਕਾਰਡਿੰਗ ਕਰ ਲਈ ਹੈ ਤੇ ਇਹ ਫ਼ੈਸਲਾਕੁਨ ਸਾਬਿਤ ਹੋ ਸਕਦੀ ਹੈ।