ਚੰਡੀਗੜ੍ਹ , ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨੇਤਾ ਬਿਕਰਮ ਸਿੰਗ ਮਜੀਠੀਆ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਕਿਹਾ ਹੈ ਕਿ ਅੱਜ ਅਕਾਲੀ ਦਲ ਦੇ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ਦੌਰਾਨ ਸਾਰੇ ਵਿਧਾਇਕਾਂ ਨੇ ਇੱਕਜੁੱਟ ਹੁੰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਜਿਹੜਾ ਗਠਜੋੜ ਚੱਲ ਰਿਹਾ ਹੈ, ਉਹ ਉਸ ਦੀ ਨਿਖੇਧੀ ਕਰਦੇ ਹਨ। ਨਾਲ ਹੀ ਇਸ ਮੌਕੇ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਜਿਹੜਾ ਵੀ ਬਿੱਲ ਜਾਂ ਖਰੜਾ ਲਿਆ ਰਹੇ ਹਨ, ਉਸ ਨੂੰ ਜਨਤਕ ਕੀਤਾ ਜਾਵੇ। ਕੋਰੋਨਾ ਮਹਾਂਮਾਰੀ ਨੂੰ ਲੈ ਕੇ ਮਜੀਠੀਆ ਨੇ ਅੱਗੇ ਕਿਹਾ ਕਿ ਸਰਕਾਰ ਖ਼ੁਦ ਕਹਿ ਰਹੀ ਹੈ ਕਿ ਸੂਬੇ 'ਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਤਾਂ ਫਿਰ ਇੰਨੀਆਂ ਪਾਬੰਦੀਆਂ ਕਿਉਂ ਲਾਈਆਂ ਜਾ ਰਹੀ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵਿਧਾਨ ਸਭਾ ਸੈਸ਼ਨ 'ਚ ਆਵਾਂਗੇ ਪਰ ਇਹ ਵੱਖਰੀ ਗੱਲ ਹੈ ਕਿ ਸਰਕਾਰ ਆਪਣੀਆਂ ਤਾਕਤਾਂ ਦੀ ਵਰਤੋਂ ਕਰਕੇ ਕਿਸੇ ਨੂੰ ਪਾਜ਼ੀਟਿਵ ਜਾਂ ਨੈਗੇਟਿਵ ਕਰ ਦੇਵੇ। ਉੱਥੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਸੈਸ਼ਨ 'ਚ ਸ਼ਾਮਿਲ ਹੋਣ ਬਾਰੇ ਮਜੀਠੀਆ ਨੇ ਕਿਹਾ ਕਿ ਇਸ ਸਬੰਧੀ ਸਥਿਤੀ ਅਜੇ ਸਪਸ਼ਟ ਨਹੀਂ ਹੈ। ਉੱਥੇ ਹੀ ਇਸ ਮੌਕੇ ਉਨ੍ਹਾਂ ਨੇ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਚੁੱਕੇ।