ਪੁਣੇ,ਔਰੰਗਾਬਾਦ ਤੇ ਕੋਂਕਣ ਡਵੀਜ਼ਨ 'ਚ ਤੂਫ਼ਾਨੀ ਬਾਰਿਸ਼ ਨੇ ਲਈ 47 ਦੀ ਜਾਨ 

ਵੱਡੇ ਪੱਧਰ 'ਤੇ ਫਸਲਾਂ ਤਬਾਹ ,2300 ਤੋਂ ਜ਼ਿਆਦਾ ਘਰ ਤਬਾਹ ਤੇ 21 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ  

ਪੁਣੇ, ਅਕਤੂਬਰ 2020 -(ਏਜੰਸੀ )

ਮਹਾਰਾਸ਼ਟਰ ਦੇ ਪੁਣੇ, ਔਰੰਗਾਬਾਦ ਤੇ ਕੋਂਕਣ ਡਵੀਜ਼ਨ 'ਚ ਭਾਰੀ ਬਾਰਿਸ਼ ਤੇ ਹੜ੍ਹ ਨਾਲ 47 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਲੱਖਾਂ ਹੈਕਟੇਅਰ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪੱਛਮੀ ਮਹਾਰਾਸ਼ਟਰ 'ਚ 28 ਲੋਕਾਂ ਦੀ ਮੌਤ ਬਾਰਿਸ਼ ਨਾਲ ਜੁੜੀਆਂ ਘਟਨਾਵਾਂ 'ਚ ਹੋਈ ਹੈ। ਸੂਬੇ ਦਾ ਇਹ ਹਿੱਸਾ ਪੁਣੇ ਡਵੀਜ਼ਨ 'ਚ ਆਉਂਦਾ ਹੈ। ਮੱਧ ਮਹਾਰਾਸ਼ਟਰ ਦੇ ਔਰੰਗਾਬਾਦ ਡਵੀਜ਼ਨ 'ਚ 16 ਤੇ ਤੱਟੀ ਕੋਂਕਣ 'ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਪੁਣੇ ਦੇ ਡਵੀਜ਼ਨਲ ਕਮਿਸ਼ਨਰ ਦਫ਼ਤਰ ਮੁਤਾਬਕ, ਭਾਰੀ ਬਾਰਿਸ਼ ਤੇ ਹੜ੍ਹ ਨਾਲ 2300 ਤੋਂ ਜ਼ਿਆਦਾ ਘਰ ਤਬਾਹ ਹੋਏ ਹਨ ਤੇ 21 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਸੀਲਾਪੁਰ 'ਚ 14, ਸਾਂਗਲੀ 'ਚ ਨੌ, ਪੁਣੇ 'ਚ ਚਾਰ ਤੇ ਸਤਾਰਾ 'ਚ ਇਕ ਵਿਅਕਤੀ ਦੀ ਮੌਤ ਹੋਈ ਹੈ। ਪੁਣੇ, ਸੋਲਾਪੁਰ, ਸਤਾਰਾ ਤੇ ਸਾਂਗਲੀ ਜ਼ਿਲਿ੍ਹਆਂ 'ਚ 57 ਹਜ਼ਾਰ ਹੈਕਟੇਅਰ 'ਚ ਗੰਨਾ, ਸੋਇਆਬੀਨ, ਸਬਜ਼ੀ, ਝੋਨਾ, ਅਨਾਰ ਤੇ ਕਪਾਹ ਵਰਗੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ। ਇਨ੍ਹਾਂ ਚਾਰ ਜ਼ਿਲਿ੍ਹਆਂ 'ਚ 513 ਪਸ਼ੂਆਂ ਦੀ ਵੀ ਜਾਨ ਗਈ ਹੈ ਤੇ 2319 ਘਰ ਨੁਕਸਾਨੇ ਹੋਏ ਹਨ। ਸੋਲਾਪੁਰ 'ਚ 17 ਹਜ਼ਾਰ, ਸਾਂਗਲੀ 'ਚ 1079, ਪੁਣੇ 'ਚ 3000 ਤੇ ਸਤਾਰਾ 'ਚ 213 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।