ਪੰਜਾਬ 'ਚ 15 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ

ਸਵਿਮਿੰਗ ਪੂਲ ਖੋਲ੍ਹਣ ਦੀ ਆਗਿਆ

200 ਵਿਅਕਤੀ ਦੇ ਸਮਾਗਮ ਦੀ ਵੀ ਪ੍ਰਵਾਨਗੀ

ਸਰਕਾਰ ਦੇ ਨਵੇਂ ਪ੍ਰਬੰਧਾਂ ਅਤੇ ਕਿਹੜੀਆਂ ਦਿੱਤੀਆਂ ਛੋਟਾਂ ਵਾਰੇ ਜਾਣਕਾਰੀ ਫੋਟ ਉਪਰ ਹੁਕਮ ਨੂੰ ਪੜੋ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਵਿਦਿਅਕ ਅਦਾਰੇ, ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਕੋਚਿੰਗ ਸੈਂਟਰ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਗ੍ਹਿ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 9ਵੀਂ ਤੋਂ 12ਵੀਂ ਜਮਾਤ ਤਕ ਸਕੂਲ ਅਤੇ ਕੋਚਿੰਗ ਸੈਂਟਰ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਖੋਲ੍ਹੇ ਜਾਣਗੇ। ਵਿਦਿਆਰਥੀਆਂ ਨੂੰ ਹਾਜ਼ਰੀ ਯਕੀਨੀ ਬਣਾਉਣ ਲਈ ਨਹੀਂ ਕਿਹਾ ਜਾ ਸਕਦਾ। ਵਿਦਿਆਰਥੀਆਂ ਦੇ ਮਾਪਿਆਂ ਦੀ ਲਿਖਤੀ ਸਹਿਮਤੀ ਜ਼ਰੂਰੀ ਹੋਵੇਗੀ। ਸਕੂਲ ਪ੍ਰਬੰਧਕਾਂ ਨੂੰ ਕਰੋਨਾ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਸਕੂਲ ਖੋਲ੍ਹਣ ਦੀ ਇਜ਼ਾਜਤ ਹੋਵੇਗੀ।  ਇਸੇ ਤਰ੍ਹਾਂ 15 ਅਕਤੂਬਰ ਤੋਂ ਤੈਰਾਕੀ ਪੂਲ ਵੀ ਯੁਵਕ ਸੇਵਾਵਾਂ ਤੇ ਖੇਡ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਵਪਾਰ ਨਾਲ ਸਬੰਧਿਤ ਪ੍ਰਦਰਸ਼ਨੀਆਂ ਵੀ ਵਣਜ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਹਾਲ, ਕਮਰੇ ਵਿਚ ਇਕ ਛੱਤ 'ਤੇ ਹੋਣ ਵਾਲੇ ਪ੍ਰਰੋਗਰਾਮ ਵਿਚ 200 ਵਿਅਕਤੀਆਂ ਦੇ ਸਮਾਗਮ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਸਮਾਗਮ ਵਿਚ ਸ਼ਾਮਲ ਹੋਣ ਲਈ ਮਾਸਕ ਪਹਿਨਣਾ, ਥਰਮਲ ਸਕੈਨਿੰਗ, ਹੱਥ ਸਾਬਣ ਨਾਲ ਧੋਣ ਜਾਂ ਸੈਨੇਟਾਈਜਰ ਅਤੇ ਸਰੀਰਕ ਫ਼ਾਸਲੇ ਦੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਖੁੱਲ੍ਹੀ ਥਾਂ 'ਤੇ ਪ੍ਰਰੋਗਰਾਮ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਿਆ ਲੈਣੀ ਲਾਜ਼ਮੀ ਹੋਵੇਗੀ। ਖੁੱਲ੍ਹੀ ਥਾਂ ਹੋਣ ਵਾਲੇ ਸਮਾਗਮਾਂ ਵਿਚ ਸਰੀਰਕ ਦੂਰੀ, ਮਾਸਕ ਪਾਉਣਾ, ਸੈਨੇਟਾਈਜਰ ਜਾਂ ਸਾਬਣ ਨਾਲ ਹੱਥ ਧੋਣ ਦੀ ਸ਼ਰਤ ਲਾਈ ਗਈ ਹੈ। ਪਰ ਖ਼ੁਸ਼ੀ ਦੇ ਸਮਾਗਮਾਂ ਵਿਚ 100 ਵਿਅਕਤੀਆਂ ਤੋਂ ਵੱਧ ਦੇ ਇਕੱਠ 'ਤੇ ਪਾਬੰਦੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਚੇਤੇ ਰਹੇ ਕਿ ਵਿਸ਼ਵ ਪੱਧਰ 'ਤੇ ਕਰੋਨਾ ਦੇ ਸੰਕਟ ਕਾਰਨ 24 ਮਾਰਚ ਤੋਂ ਵਿਦਿਅਕ ਅਦਾਰੇ ਬੰਦ ਸਨ।