ਸਿੱਖਾਂ ਨੇ ਸਦੀ ਪੁਰਾਣੇ ਇਤਿਹਾਸ ਨੂੰ ਦੁਹਰਾਇਆ

ਦਲਿਤ ਅਤੇ ਘੱਟ ਗਿਣਤੀ ਜਥੇਬੰਦੀ ਨੇ ਸੰਗਤੀ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ ’ਚ ਦੇਗ ਕਰਵਾਈ 

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  ਦਲਿਤ ਅਤੇ ਘੱਟ ਗਿਣਤੀ ਜਥੇਬੰਦੀ ਨੇ ਹੋਰਾਂ ਨਾਲ ਮਿਲ ਕੇ ਕਰੀਬ ਸੌ ਸਾਲ ਪਹਿਲਾਂ ਵਾਪਰੀ ਘਟਨਾ ਦੀ ਯਾਦ ਵਿੱਚ ‘ਦਲਿਤ ਮੁੜ ਪ੍ਰਵੇਸ਼ ਸ੍ਰੀ ਹਰਿਮੰਦਰ ਸਾਹਿਬ’ ਸਮਾਗਮ ਕੀਤਾ ਅਤੇ ਅੱਜ ਮੁੜ ਸ੍ਰੀ ਹਰਿਮੰਦਰ ਸਾਹਿਬ ’ਚ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ’ਚ ਅਰਦਾਸ ਵੀ ਕਰਵਾਈ ਗਈ ਅਤੇ ਮੰਗ ਪੱਤਰ ਵੀ ਸੌਂਪਿਆ ਗਿਆ।

ਭਾਈ ਗੁਰਦਾਸ ਹਾਲ ’ਚ ਹੋਏ ਸਮਾਗਮ ਦੌਰਾਨ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਗੁਰਬਾਣੀ ਦੇ ਕੀਰਤਨ ਮਗਰੋਂ ਸੌ ਸਾਲ ਪਹਿਲਾਂ ਵਾਪਰੀ ਘਟਨਾ ਦੇ ਇਤਿਹਾਸ ’ਤੇ ਚਾਨਣਾ ਪਾਇਆ ਗਿਆ। ਜਥੇਬੰਦੀ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਨੇ ਦੱਸਿਆ ਕਿ ਅੰਗਰੇਜ਼ਾਂ ਦੇ ਰਾਜ ਵੇਲੇ ਜਦੋ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰੂਧਾਮਾਂ ’ਤੇ ਮਹੰਤ ਕਾਬਜ਼ ਹੋ ਗਏ ਸਨ ਤਾਂ ਉਨ੍ਹਾਂ ਦਲਿਤ ਸਿੱਖਾਂ ਨੂੰ ਗੁਰੂਘਰਾਂ ’ਚ ਆਉਣ ਤੋਂ ਰੋਕ ਦਿੱਤਾ ਸੀ ਅਤੇ ਕੜਾਹ ਪ੍ਰਸ਼ਾਦ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ। ਇਸ ਸਬੰਧ ਵਿਚ 10, 11 ਅਤੇ 12 ਅਕਤੂੁਬਰ 1920 ਵਿਚ ਜੱਲ੍ਹਿਆਂਵਾਲਾ ਬਾਗ ਵਿਚ ਇਕੱਠ ਕੀਤਾ ਗਿਆ। ਦੋ ਦਿਨ ਦੀਵਾਨ ਚੱਲੇ ਅਤੇ 12 ਅਕਤੂਬਰ ਵਾਲੇ ਦਿਨ ਖਾਲਸਾ ਕਾਲਜ ਦੇ ਪ੍ਰੋ. ਤੇਜਾ ਸਿੰਘ ਭੁੱਚਰ, ਪ੍ਰੋ. ਨਰਿੰਜਨ ਸਿੰਘ, ਦਲਿਤ ਸਿੱਖ ਆਗੂ ਮਹਿਤਾਬ ਸਿੰਘ, ਕਰਤਾਰ ਸਿੰੰਘ ਝੱਬਰ ਤੇ ਹੋਰਨਾਂ ਨਾਲ ਦਲਿਤ ਸਿੱਖ ਭਾਈਚਾਰੇ ਦੀ ਸੰਗਤ ਸ੍ਰੀ ਦਰਬਾਰ ਸਾਹਿਬ ਪੁੱਜੀ, ਜਿਥੇ ਕਾਬਜ਼ ਮਹੰਤਾਂ ਨਾਲ ਊਨ੍ਹਾਂ ਦੀ ਤਕਰਾਰ ਹੋਈ ਅਤੇ ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣ ’ਤੇ ਗੱਲ ਮੁਕੀ। ਹੁਕਮਨਾਮਾ ਹੱਕ ਵਿਚ ਆਇਆ ਤਾਂ ਮਹੰਤ ਛੱਡ ਕੇ ਭੱਜ ਗਏ। ਉਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ ਅਤੇ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ।

ਅੱਜ ਵੀ 100 ਸਾਲ ਪਹਿਲਾਂ ਵਾਂਗ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰਥਮ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਆਖਿਆ ਕਿ ਇਸ ਲਹਿਰ ਵਿਚੋਂ ਹੀ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੀ ਰਾਜਸੀ ਜਥੇਬੰਦੀ ਵਜੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਏ ਹਨ। ਉਨ੍ਹਾਂ ਆਖਿਆ ਕਿ ਅੱਜ ਦਾ ਦਿਨ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੋਸ਼ੋ-ਖਰੋਸ਼ ਨਾਲ ਮਨਾਉਣਾ ਚਾਹੀਦਾ ਸੀ। ਉਨਾਂ ਆਖਿਆ ਕਿ ਇਸ ਘਟਨਾ ਦੇ 100 ਸਾਲ ਬੀਤਣ ਮਗਰੋ ਅੱਜ ਚਿੰਤਨ ਤੇ ਮੰਥਨ ਦੀ ਲੋੜ ਹੈ। ਭਾਈ ਮਰਦਾਨਾ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸ਼ੁਰੂ ਤੋਂ ਹੀ ਭਾਈ ਮਰਦਾਨਾ ਨੂੰ ਨਾਲ ਰੱਖਿਆ ਸੀ। ਉਨ੍ਹਾਂ ਆਖਿਆ,‘‘ਸੰਗਤ ਤੇ ਪੰਗਤ ਦਾ ਸਿਧਾਂਤ ਖ਼ਤਮ ਹੁੰਦਾ ਜਾ ਰਿਹਾ ਹੈ, ਪਿੰਡਾਂ ਵਿਚ ਜਾਤਾਂ ’ਤੇ ਆਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਬਣੇ ਹੋਏ ਹਨ। ਅੱਜ ਮੁੜ ਪੁਰਾਤਨ ਸਿਧਾਂਤਾਂ ’ਤੇ ਚੱਲਣ ਦੀ ਲੋੜ ਹੈ। ਗੁਰੂ ਸਿਧਾਂਤ ਨਾਲ ਸਿਆਸਤ ਨਹੀਂ ਹੋਣੀ ਚਾਹੀਦੀ ਹੈ।’’ ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਨੇ ਮੰਗ ਰੱਖੀ ਕਿ ਖਾਲਸਾ ਕਾਲਜ ਦੇ ਵਿਦਿਅਕ ਅਦਾਰਿਆਂ ਵਿਚ ਦਲਿਤ ਸਿੱਖ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਦੌਰਾਨ ਪ੍ਰੋਫੈਸਰ ਤੇਜਾ ਸਿੰਘ ਭੁੱਚਰ ਅਤੇ ਕਰਤਾਰ ਸਿੰਘ ਝੱਬਰ ਦੇ ਪਰਿਵਾਰ ਵਿੱਚੋਂ ਵੀ ਮੈਂਬਰ ਪੁੱਜੇ ਹੋਏ ਸਨ, ਜਿਨ੍ਹਾਂ ਵਿਚ ਭੁਪਿੰਦਰ ਸਿੰੰਘ ਅਤੇ ਹਰਚਰਨ ਸਿੰਘ ਸ਼ਾਮਲ ਸਨ। ਇਸੇ ਤਰ੍ਹਾਂ ਦੇਗ ਲੈ ਕੇ ਜਾਣ ਵਾਲੇ ਪਾਲਾ ਸਿੰੰਘ ਦੇ ਪਰਿਵਾਰ ਵਿਚੋਂ ਕ੍ਰਿਪਾਲ ਸਿੰਘ ਰਾਹੀ ਸ਼ਾਮਲ ਸਨ।

ਊਨ੍ਹਾਂ ਨੂੰ ਪ੍ਰਬੰਧਕਾਂ ਨੇ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਵਿਚ ਖਾਲਸਾ ਕਾਲਜ ਸਕੂਲ ਦੇ ਪ੍ਰਿੰਸੀਪਲ ਤੇ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰੰਘ ਗੋਗੋਆਣੀ, ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਤੋਂ ਸ਼ਾਮ ਸਿੰਘ, ਗਲੋਬਲ ਸਿੱਖ ਕੌਂਸਲ ਵਲੋਂ ਗੁਰਪ੍ਰੀਤ ਸਿੰਘ, ਸ਼ਹੀਦ ਬਾਬਾ ਬੀਰ ਸਿੰਘ ਫਾਉੂਂਡੇਸ਼ਨ ਦੇ ਨੁਮਾਇੰਦੇ ਸਮੇਤ ਸਿੱਖ ਵਿਦਵਾਨ ਪ੍ਰੋ. ਮਨਜੀਤ ਸਿੰਘ, ਪ੍ਰੋ. ਜਗਦੀਸ਼ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਜਗਦੇਵ ਸਿੰਘ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਦੇ ਸਰਪ੍ਰਸਤ ਡਾ. ਰਾਜ ਕੁਮਾਰ ਹੰਸ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।