ਇੰਗਲੈਂਡ ਦੀਆਂ ਯੂਨੀਵਰਸਿਟੀ 'ਚ ਵੀ ਫੈਲੀ ਕੋਰੋਨਾ ਮਹਾਮਾਰੀ

ਮਾਨਚੈਸਟਰ ਦੀਆ ਦੋਨੋ ਨਾਮੀ ਯੂਨੀਵਰਸਿਟੀ 'ਚ ਕੁਝ ਪ੍ਰਰੈਕਟੀਕਲ ਟ੍ਰੇਨਿੰਗ ਕੋਰਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਲਾਸਾਂ ਨੂੰ ਅਕਤੂਬਰ ਤਕ ਲਈ ਬੰਦ  

ਮਾਨਚੈਸਟਰ, ਅਕਤੂਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਦੂਸਰੇ ਦੌਰ ਦੀ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਬਰਤਾਨੀਆ ਦੀਆਂ ਕਈ ਯੂਨੀਵਰਸਿਟੀਆਂ ਵੀ ਇਸ ਪ੍ਰਕੋਪ ਦੀ ਲਪੇਟ 'ਚ ਆ ਗਈਆਂ ਹਨ। ਇੰਗਲੈਂਡ ਦੀਆਂ ਚਾਰ ਯੂਨੀਵਰਸਿਟੀਆਂ 'ਚ ਲਗਪਗ ਢਾਈ ਹਜ਼ਾਰ ਵਿਦਿਆਰਥੀਆਂ ਤੇ ਸਟਾਫ ਨੂੰ ਇਨਫੈਕਟਿਡ ਪਾਇਆ ਗਿਆ ਹੈ। ਇਨਫੈਕਸ਼ਨ ਰੋਕਣ ਲਈ ਇੱਥੋਂ ਦੇ ਕਈ ਇਲਾਕਿਆਂ 'ਚ ਬੀਤੇ ਇਕ ਹਫ਼ਤੇ ਤੋਂ ਲਾਕਡਾਊਨ ਹੈ। ਇਸ ਦੌਰਾਨ ਸਮੁੱਚੇ ਦੇਸ਼ 'ਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 17,540 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਪੀੜਤਾਂ ਦਾ ਕੁਲ ਅੰਕੜਾ ਪੰਜ ਲੱਖ 61 ਹਜ਼ਾਰ ਤੋਂ ਵੱਧ ਗਿਆ ਹੈ। ਇਨ੍ਹਾਂ 'ਚੋਂ 42,592 ਪੀੜਤਾਂ ਦੀ ਮੌਤ ਹੋਈ ਹੈ। ਨਿਊਕੈਸਲ ਯੂਨੀਵਰਸਿਟੀ ਦੇ ਅਧਿਕਾਰੀਆਂ ਮੁਤਾਬਕ ਕਿ ਹੁਣ ਤਕ ਲਗਪਗ 1007 ਵਿਦਿਆਰਥੀ ਤੇ 12 ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ। ਯੂਨੀਵਰਸਿਟੀ 'ਚ ਬੀਤੇ ਸ਼ੁੱਕਰਵਾਰ ਤਕ ਪੀੜਤਾਂ ਦੀ ਗਿਣਤੀ ਸਿਰਫ 94 ਸੀ, ਜਦੋਂਕਿ ਨਾਰਥਮਬ੍ਰੀਆ ਯੂਨੀਵਰਸਿਟੀ 'ਚ 619 ਤੇ ਡਰਹਮ ਯੂਨੀਵਰਸਿਟੀ 'ਚ 219 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੌਰਾਨ ਲੀਡਸ ਯੂਨੀਵਰਸਿਟੀ ਦੇ ਸਬੰਧਤ ਅਧਿਕਾਰੀਆਂ ਮੁਤਾਬਕ 28 ਸਤੰਬਰ ਤੋਂ ਚਾਰ ਅਕਤੂਬਰ ਦੌਰਾਨ 555 ਵਿਦਿਆਰਥੀ ਤੇ ਤਿੰਨ ਸਟਾਫ ਮੈਂਬਰ ਇਨਫੈਕਟਿਡ ਪਾਏ ਗਏ। ਇਨਫੈਕਸ਼ਨ ਵੱਧਣ ਨਾਲ ਜ਼ਿਆਦਾਤਰ ਯੂਨੀਵਰਸਿਟੀਆਂ ਆਨਲਾਈਨ ਪੜ੍ਹਾਈ ਦੀ ਯੋਜਨਾ ਬਣਾ ਰਹੀਆਂ ਹਨ, ਜਦੋਂ ਕਿ ਮਾਨਚੈਸਟਰ ਯੂਨੀਵਰਸਿਟੀ ਤੇ ਮਾਨਚੈਸਟਰ ਮੈਟ੍ਰੋਪੋਲੀ ਯੂਨੀਵਰਸਿਟੀ 'ਚ ਕੁਝ ਪ੍ਰਰੈਕਟੀਕਲ ਟ੍ਰੇਨਿੰਗ ਕੋਰਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਲਾਸਾਂ ਨੂੰ ਅਕਤੂਬਰ ਤਕ ਲਈ ਬੰਦ ਕਰ ਦਿੱਤਾ ਗਿਆ ਹੈ।