ਮੋਗਾ (ਜੱਜ ਮਸੀਤਾਂ): ਮੋਗਾ ਜ਼ਿਲ੍ਹੇ ਦੇ ਪਿੰਡ ਸੋਸਣ ਵਿਖੇ ਨਾਜ਼ਾਇਜ਼ ਮਾਈਨਿੰਗ ਦੇ ਚੱਲਦੇ ਖੱਡੇ ਦਾ ਲੰਘੀ ਰਾਤ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਪਰਦਾਫਾਸ਼ ਕਰਦਿਆਂ ਇਸ ਮਾਮਲੇ 'ਚ ਪਿੰਡ ਦੇ ਕਾਂਗਰਸੀ ਸਰਪੰਚ ਗੁਰਵਿੰਦਰ ਸਿੰਘ ਨੂੰ ਟਰੈਕਟਰ ਟਰਾਲੀਆਂ ਸਣੇ ਮੌਕੇ 'ਤੇ ਫੜ੍ਹਿਆ ਹੈ।
ਥਾਣਾ ਸਦਰ ਮੋਗਾ ਦੇ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਪੁਲਸ ਗਸ਼ਤ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਦਾ ਸਰਪੰਚ ਨਾਜਾਇਜ਼ ਮਾਈਨਿੰਗ ਕਰਵਾ ਰਿਹਾ ਹੈ ਤਾਂ ਉਨ੍ਹਾਂ ਜਦੋਂ ਰੇਡ ਕੀਤੀ ਤਾਂ ਸਰਪੰਚ ਗੁਰਵਿੰਦਰ ਸਿੰਘ ਨੂੰ ਮੌਕੇ ਤੋਂ ਫੜ੍ਹ ਲਿਆ ਅਤੇ ਉਸ ਦੇ ਸਾਥੀ ਬਲਕਾਰ ਸਿੰਘ ਚਮਕੌਰ ਸਿੰਘ ਅਤੇ ਗੁਰਮੀਤ ਸਿੰਘ ਮੌਕੇ ਤੋਂ ਭੱਜ ਗਏ ਥਾਣਾ ਮੁਖੀ ਨੇ ਕਿਹਾ ਕਿ ਸਰਪੰਚ ਗੁਰਵਿੰਦਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਦੂਜੇ ਪਾਸੇ ਸਰਪੰਚ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਸਾਂਝੇ ਕੰਮਾਂ ਲਈ ਖੇਤ 'ਚੋਂ ਰੇਤਾਂ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਫਸਾਇਆ ਗਿਆ ਹੈ ਤੇ ਕੋਈ ਵੀ ਨਾਜਾਇਜ਼ ਮਾਈਨਿੰਗ ਨਹੀਂ ਕੀਤੀ ਜਾ ਰਹੀ।