ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ 

ਲੁਧਿਆਣਾ, 9 ਨਵੰਬਰ (ਟੀ. ਕੇ.) ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਫੈਸਲੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਵਲੋਂ ਮੰਗਾਂ ਪ੍ਰਤੀ ਧਾਰੀ ਗਈ ਸਾਜ਼ਸ਼ ਚੁੱਪ ਅਤੇ ਮੁਲਾਜਮ ਤੇ ਪੈਨਸ਼ਨਰਾਂ ਨੂੰ ਲਗਾਏ ਗਏ ਲਾਰਿਆਂ ਦੀ ਪਿੰਡ ਅਗਨ ਭੇਟ ਕਰਨ ਸਮੇਂ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਰੋਹ ਭਰਪੂਰ ਪਿੱਟ ਸਿਆਪਾ ਕੀਤਾ। ਇਸ ਸਮੇਂ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਅਤੇ ਪੰਜਾਬ ਪੈਨਸ਼ਨਰਜ ਦੇ ਸੂਬਾਈ ਪ੍ਰਧਾਨ, ਸਾਂਝੇ ਫਰੰਟ ਦੇ ਕਨਵੀਨਰ ਗੁਰਮੇਲ ਸਿੰਘ ਮੈਲਡੇ, ਪੈਨਸ਼ਨਰ ਇਨਫਰਮੇਸ਼ਨ ਕਮੇਟੀ ਦੇ ਚੇਅਰਮੈਨ ਦਲੀਪ ਸਿੰਘ, ਡਾ. ਸਾਰਦਾ ਹਰਬੰਸ ਸਿੰਘ ਪੰਧੇਰ, ਚਰਨ ਸਿੰਘ ਸਰਾਭਾ ਅਤੇ ਪ੍ਰਵੀਨ ਕੁਮਾਰ  ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ  ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਗੰਭੀਰ ਨਹੀਂ ਹਨ ਬਲਕਿ ਮੰਗਾਂ ਸਬੰਧੀ ਲਾਰੇ ਲਾ ਕੇ ਡੰਗ ਟਪਾ ਰਹੇ ਹਨ। ਇਸ ਲਈ ਇਹ ਲਾਰਿਆਂ /ਵਾਅਦਿਆਂ ਦੀ ਪੰਡ ਅਗਨ ਭੇਟ ਕਰਕੇ ਕਾਲੀ ਦੀਵਾਲੀ ਮਨਾਉਣ ਲਈ ਮੁਲਾਜਮ ਤੇ ਪੈਨਸ਼ਨਰ ਮਜਬੂਰ ਹਨ।ਇਸ ਮੌਕੇ 
ਆਗੂਆਂ ਨੇ ਸੰਬੋਧਨ ਕਰਦਿਆਂ  ਕਿਹਾ ਕਿ  ਵੱਡੀਆਂ ਵੱਡੀਆਂ ਰੈਲੀਆਂ ਸਮੇਂ ਮੀਟਿੰਗ ਦਾ ਸਮਾਂ ਤੈਅ ਕਰਕੇ ਮੀਟਿੰਗ ਨਾ ਕਰਨਾ, 01-01-2016 ਤੋਂ ਪੇਅ ਕਮਿਸ਼ਨ ਦੀ ਰਿਪੋਰਟ ਦੇ ਬਕਾਏ ਵੀ ਲਾਰਿਆਂ ਵਿਚ ਰੱਖਣਾ, ਡੀ. ਏ. ਦੀਆਂ ਕੁਲ 3 ਕਿਸ਼ਤਾਂ , 12 ਪ੍ਰਤੀਸ਼ਤ ਕੇਂਦਰ ਸਰਕਾਰ ਤੋਂ ਘੱਟ ਦੇਣਾ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੰਗਾਂ ਹਨ, ਜਿਨ੍ਹਾਂ ਨੂੰ ਟਾਲ ਕੇ ਲਾਰਿਆਂ ਵਿਚ ਰੱਖਿਆ ਗਿਆ ਹੈ, ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਕੰਨੀ ਕਤਰਾਈ ਜਾ ਰਹੀ, ਠੇਕਾ ਪ੍ਰਣਾਲੀ ਨੂੰ ਲਾਗੂ ਕੀਤਾ ਜਾ ਰਿਹਾ ਹੈ, ਕੱਚੇ - ਪੱਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਯੋਗ ਵਾਧਾ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। 
ਇਸ ਮੌਕੇ ਪੰਜਾਬ ਗੌਰਮਿੰਟ ਕਲਾਸ ਫੋਰ ਵਰਕਰ ਯੂਨੀਅਨ ਰੋਡਵੇਜ਼ ਵਲੋਂ ਮਨਪ੍ਰੀਤ ਸਿੰਘ ਗਰੇਵਾਲ, ਰਮਨਜੀਤ ਸਿੰਘ, ਰਣਧੀਰ ਸਿੰਘ ਧੀਰਾ, ਕਲਾਸ ਫੋਰ ਮੁਲਾਜਮ ਯੂਨੀਅਨ ਵਲੋਂ ਅਸ਼ੋਕ ਕੁਮਾਰ ਮੱਟੂ, ਪੈਨਸ਼ਨ ਮੁਲਾਜਮ ਯੂਨੀਅਨ ਵਲੋਂ ਦਰਸ਼ਨ ਸਿੰਘ ਥਰੀਕੇ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਓਟਾਲਾਂ,  ਜੋਗਿੰਦਰ ਰਾਮ, ਰਾਜਿੰਦਰ ਸਿੰਘ ਸਤਿਨਾਮ ਸਿੰਘ, ਦਰਸ਼ਨ ਸਿੰਘ, ਵਿਨੋਦ ਕੁਮਾਰ ਪ੍ਰਧਾਨ ਕਲਾਸ ਫੋਰ ਯੂਨੀਅਨ ਅਤੇ ਮਲਕੀਤ ਸਿੰਘ ਮਾਲੜਾ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਲਈ 14 ਨਵੰਬਰ ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਸੂਬਾਈ ਮੀਟਿੰਗ ਵਿੱਚ ਤਿੱਖੇ ਸੰਘਰਸ਼ ਦੀ ਰੂਪ ਜਾ ਬਣਾਈ ਜਾਵੇ ।