ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸੋਹੀ) ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦਾ ਇਕ ਵਫਦ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੀਆਂ ਨਵੀਆਂ ਦੁਕਾਨਾਂ ਦੇ ਡਰਾਅ ਕਢਵਾਉਣ ਸਬੰਧੀ ਐੱਸ ਡੀ ਐੱਮ ਸਾਹਿਬ ਬਰਨਾਲਾ ਨੂੰ ਮਿਲਿਆ। ਦੁਕਾਨਦਾਰ ਯੂਨੀਅਨ ਵਫ਼ਦ ਨੇ ਐਸਡੀਐਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ 25 ਫਰਵਰੀ 2020 ਨੂੰ ਪੰਚਾਇਤ ਸੰਮਤੀ ਮਹਿਲ ਕਲਾਂ ਵੱਲੋਂ ਆਪਣੀ ਮਾਲਕੀ ਦੀ ਜਗ੍ਹਾ ਤੇ ਦੁਕਾਨਾਂ ਦੀ ਉਸਾਰੀ ਕਰਕੇ ਲੱਕੀ ਡਰਾਅ ਰਾਹੀਂ ਲੀਜ਼ ਤੇ ਦੇਣ ਸਬੰਧੀ ਇੱਕ ਇਸ਼ਤਿਹਾਰ ਅਖ਼ਬਾਰ ਵਿੱਚ ਦਿੱਤਾ ਗਿਆ ਸੀ,ਜਿਸ ਰਾਹੀਂ ਦੁਕਾਨਦਾਰਾਂ ਪਾਸੋਂ ਪੰਜਾਹ ਹਜ਼ਾਰ ਰੁਪਏ ਬਤੌਰ ਸਕਿਊਰਿਟੀ ਕਾਰਜ ਸਾਧਕ ਅਫ਼ਸਰ ਪੰਚਾਇਤ ਸੰਮਤੀ ਮਹਿਲ ਕਲਾਂ ਦੇ ਨਾਮ ਪਰ ਜਮ੍ਹਾਂ ਕਰਵਾਏ ਗਏ ਸਨ । ਪ੍ਰੰਤੂ ਹੁਣ 9 ਮਹੀਨੇ ਬੀਤ ਜਾਣ ਤੇ ਵੀ ਦੁਕਾਨਦਾਰ ਸ਼ਸ਼ੋਪੰਜ ਵਿਚ ਪਏ ਹੋਏ ਸਨ । ਇਸ ਸਬੰਧੀ ਐਸਡੀਐਮ ਸਾਹਿਬ ਨੇ ਵਫ਼ਦ ਨੂੰ ਭਰੋਸੇ ਵਿੱਚ ਲੈਂਦਿਆਂ ਤੁਰੰਤ ਹੀ ਬੀਡੀਪੀਓ ਮਹਿਲ ਕਲਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਐੱਸ ਡੀ ਐੱਮ ਸਾਹਿਬ ਨੇ ਬੀਡੀਪੀਓ ਮਹਿਲ ਕਲਾਂ ਨੂੰ ਤੁਰੰਤ ਹਦਾਇਤ ਕੀਤੀ ਕਿ ਇਨ੍ਹਾਂ ਨਵੀਆਂ ਦੁਕਾਨਾਂ ਦੇ ਡਰਾਅ ਕੱਢਣ ਸਬੰਧੀ ਜੋ ਵੀ ਕਾਰਵਾਈ ਹੈ,ਉਹ ਛੇਤੀ ਤੋਂ ਛੇਤੀ ਅਮਲ ਵਿਚ ਲਿਆ ਕੇ ਮੁਕੰਮਲ ਕੀਤੀ ਜਾਵੇ। ਐਸ ਡੀ ਐਮ ਸਾਹਿਬ ਬਰਨਾਲਾ ਨੇ ਸਮੂਹ ਦੁਕਾਨਦਾਰ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਜਲਦੀ ਤੋਂ ਜਲਦੀ ਇਨ੍ਹਾਂ ਨਵੀਆਂ ਦੁਕਾਨਾਂ ਦੇ ਡਰਾਅ ਕੱਢਣ ਸਬੰਧੀ ਕਾਰਵਾਈ ਕਰਾਂਗਾ। ਇਸ ਮੌਕੇ ਸਮੂਹ ਦੁਕਾਨਦਾਰ ਭਾਈਚਾਰੇ ਵੱਲੋਂ ਪ੍ਰਧਾਨ ਗਗਨ ਸਰਾਂ, ਪ੍ਰਿੰਸ ਅਰੋੜਾ,ਪੰਕਜ ਬਾਂਸਲ,ਪ੍ਰਦੀਪ ਵਰਮਾ,ਜਸਪਾਲ ਵਰਮਾ,ਹਰਦੀਪ ਸਿੰਘ ਬੀਹਲਾ ਆਦਿ ਦੁਕਾਨਦਾਰ ਯੂਨੀਅਨ ਦੇ ਆਗੂ ਹਾਜ਼ਰ ਸਨ ।