ਸਰਦੀਆਂ 'ਚ ਵਧ ਸਕਦਾ ਹੈ ਕੋਵਿਡ-19 ਦਾ ਖ਼ਤਰਾ

 

ਲੰਡਨ, ਅਕਤੂਬਰ 2020 -(ਗਿਆਨੀ ਰਵਿਦਰਪਾਲ ਸਿੰਘ ) ਕੋਰੋਨਾ ਵਾਇਰਸ (ਕੋਵਿਡ-19) ਦੇ ਕਹਿਰ ਨਾਲ ਇਸ ਸਮੇਂ ਪੂਰੀ ਦੁਨੀਆ ਜੂਝ ਰਹੀ ਹੈ। ਹੁਣ ਇਕ ਨਵੇਂ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਸਰਦੀਆਂ ਦੇ ਮੌਸਮ ਵਿਚ ਜਦੋਂ ਲੋਕ ਘਰਾਂ ਵਿਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ, ਉਦੋਂ ਕੋਰੋਨਾ ਦਾ ਖ਼ਤਰਾ ਵਧ ਸਕਦਾ ਹੈ। ਖ਼ਾਸ ਤੌਰ 'ਤੇ ਵੈਂਟੀਲੇਸ਼ਨ ਸਿਸਟਮ ਤੋਂ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਇਹ ਸਿਸਟਮ ਕਈ ਇਮਾਰਤਾਂ ਵਿਚ ਤਾਪਮਾਨ ਅਨੁਕੂਲ ਬਣਾਏ ਰੱਖਣ ਲਈ ਲਾਇਆ ਜਾਂਦਾ ਹੈ।

ਬਿ੍ਟੇਨ ਦੀ ਕੈਂਬਿ੍ਜ ਯੂਨੀਵਰਸਿਟੀ ਦੇ ਵਿਗਿਆਨੀਆਂ ਮੁਤਾਬਕ, ਵੱਡੇ ਪੈਮਾਨੇ 'ਤੇ ਇਸਤੇਮਾਲ ਹੋਣ ਵਾਲੇ ਵੈਂਟੀਲੇਸ਼ਨ ਸਿਸਟਮ ਜ਼ਰੀਏ ਪੂਰੇ ਸਥਾਨ 'ਤੇ ਹਵਾ ਤੋਂ ਪ੍ਰਦੂਸ਼ਣ ਵਾਲੇ ਤੱਤ ਫੈਲ ਸਕਦੇ ਹਨ। ਇਨਵਾਂ ਨਾਲ ਤਰਲ ਕਣ ਵੀ ਹੋ ਸਕਦੇ ਹਨ, ਜਿਨ੍ਹਾਂ ਵਿਚ ਕੋਰੋਨਾ ਵਾਇਰਸ ਵੀ ਹੋ ਸਕਦਾ ਹੈ। ਇਸ ਗੱਲ ਦੇ ਲਗਾਤਾਰ ਸਬੂਤ ਮਿਲਦੇ ਜਾ ਰਹੇ ਹਨ ਕਿ ਕੋਰੋਨਾ ਵਾਇਰਸ ਮੁੱਖ ਰੂਪ ਨਾਲ ਖੰਘਣ, ਿਛੱਕਣ, ਗੱਲਬਾਤ ਕਰਨ ਜਾਂ ਸਾਹ ਲੈਣ ਦੌਰਾਨ ਨਿਕਲਣ ਵਾਲੇ ਤਰਲ ਕਣਾਂ ਤੋਂ ਫੈਲਦਾ ਹੈ। ਅਧਿਐਨ ਵਿਚ ਇਨ੍ਹਾਂ ਸਿੱਟਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਇਨਫੈਕਸ਼ਨ ਦੀ ਰੋਕਥਾਮ ਲਈ ਮਾਸਕ ਪਾਉਣਾ ਅਤੇ ਚੰਗੀ ਗੁਣਵੱਤਾ ਦੇ ਵੈਂਟੀਲੇਸ਼ਨ ਸਿਸਟਮ ਦੀ ਲੋੜ ਹੈ।

ਖੋਜੀਆਂ ਨੇ ਹੁਣ ਤਕ ਦੇ ਅਧਿਐਨਾਂ ਦੇ ਆਧਾਰ 'ਤੇ ਕਿਹਾ ਕਿ ਬਾਹਰ ਦੀ ਬਜਾਏ ਘਰ ਦੇ ਅੰਦਰ ਇਨਫੈਕਸ਼ਨ ਦੇ ਪਸਾਰ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।