ਲੁਧਿਆਣਾ ਜਿਲੇ ਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ

12 ਵਿਅਕਤੀਆਂ ਦੀ ਮੌਤ , 180 ਨਵੇਂ ਕੇਸ ਸਾਹਮਣੇ ਆਏ, 4,237 ਸੈਂਪਲ ਲਏ ਗਏ

ਲੁਧਿਆਣਾ,ਸਤੰਬਰ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਦਾ ਕਹਿਰ ਇੱਕ ਵਾਰ ਫਿਰ ਵਧ ਗਿਆ ਹੈ, ਪਿਛਲੇ 24 ਘੰਟੇ ਦੇ ਦੌਰਾਨ ਸ਼ਹਿਰ ਵਿਚ 180 ਨਵੇਂ ਕੇਸ ਆਏ ਹਨ, ਇੰਨਾ ਹੀ ਨਹੀਂ ਲੰਘੇ 24 ਘੰਟਿਆਂ ਦੌਰਾਨ ਹੀ 12 ਲੋਕਾਂ ਦੀ ਮੌਤ ਵੀ ਹੋ ਗਈ। ਜਿਸ ਤੋਂ ਬਾਅਦ ਸ਼ਹਿਰ ਵਿਚ ਕਰੋਨਾ ਨੂੰ ਲੈ ਕੇ ਦਹਿਸ਼ਤ ਫਿਰ ਵਧ ਗਈ ਹੈ। ਅੱਜ ਵੀ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 4,237 ਸੈਂਪਲ ਲਏ ਗਏ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿਚ ਅੱਜ 180 ਕਰੋਨਾ ਦੇ ਨਵੇਂ ਕੇਸ ਆਏ ਹਨ। ਜਿਸ ਤੋਂ ਬਾਅਦ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 1,77,95 ਹੋ ਗਈ ਹੈ। ਪਰ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 89.35 ਫੀਸਦੀ ਮਰੀਜ਼ (15900) ਹੁਣ ਤੱਕ ਠੀਕ ਹੋ ਚੁੱਕੇ ਹਨ। ਬਾਕੀ 1,157 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੁਲ 217 ਮਰੀਜ਼ (180 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 37 ਹੋਰ ਰਾਜਾਂ ਤੇ ਜ਼ਿਲ੍ਹਿਆਂ ਦੇ) ਪਾਜ਼ੇਟਿਵ ਪਾਏ ਗਏ ਹਨ। ਹਾਲੇ ਵੀ ਵੱਖ ਵੱਖ ਲੈਬਾਰਟਰੀਆਂ ਤੋਂ 1,556 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿਚ 21 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 12 ਜ਼ਿਲ੍ਹਾ ਲੁਧਿਆਣਾ, 2 ਜਲੰਧਰ ਜਦਕਿ ਇੱਕ-ਇੱਕ ਰੋਪੜ, ਬਠਿੰਡਾ, ਫਾਜ਼ਿਲਕਾ, ਸੰਗਰੂਰ, ਬਰਨਾਲਾ, ਹੁਸ਼ਿਆਰਪੁਰ ਅਤੇ ਜੰਮੂ ਤੇ ਕਸ਼ਮੀਰ ਨਾਲ ਸਬੰਧਤ ਹੈ।ਕਰੋਨਾ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ ਲੁਧਿਆਣਾ ’ਚ 735 ਅਤੇ 242 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ।