ਨਵਜੋਤ ਸਿੱਧੂ ਕਾਂਗਰਸ ਦਾ ਭਵਿੱਖ - ਹਰੀਸ਼ ਰਾਵਤ

 

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਬਨਵਾਸ ਜਲਦ ਹੀ ਖ਼ਤਮ ਹੋ ਸਕਦਾ ਹੈ। ਇਸ ਦੇ ਸੰਕੇਤ ਕਾਂਗਰਸ ਦੇ ਨਵੇਂ ਸੂਬਾ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਦਿੱਤੇ ਹਨ। ਰਾਵਤ ਨੇ ਸਿੱਧੂ ਨੂੰ ਪਾਰਟੀ ਦਾ ਭਵਿੱਖ ਦੱਸਦੇ ਹੋਏ ਕਿਹਾ ਕਿ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮਿਲ ਕੇ ਦੇਸ਼ ਵਿਚ ਜਮਹੂਰੀ ਸ਼ਕਤੀਆਂ ਨੂੰ ਇਕਮੁੱਠ ਕਰਨ। ਸਿੱਧੂ ਨਾ ਸਿਰਫ਼ ਪਾਰਟੀ ਸਰਗਰਮੀਆਂ ਵਿਚ ਸਰਗਰਮ ਹੋਣਗੇ ਬਲਕਿ ਲੀਡ ਵੀ ਕਰਨਗੇ। ਰਾਵਤ ਇੱਥੇ ਕਾਂਗਰਸ ਵਿਧਾਇਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾ ਇਹ ਬਿਆਨ ਪੰਜਾਬ ਕਾਂਗਰਸ ਵਿਚ ਆਉਣ ਵਾਲੇ ਬਦਲਾਅ ਵੱਲ ਇਸ਼ਾਰਾ ਕਰ ਰਿਹਾ ਹੈ।

ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਉਹ ਲਗਾਤਾਰ ਸਿੱਧੂ ਦੇ ਸੰਪਰਕ ਵਿਚ ਹਨ। ਜ਼ਿਕਰਯੋਗ ਹੈ ਕਿ ਸਿੱਧੂ ਪੰਜਾਬ ਕਾਂਗਰਸ ਦੇ ਸੰਪਰਕ ਵਿਚ ਨਹੀਂ ਹਨ। ਖੇਤੀ ਬਿੱਲਾਂ ਨੂੰ ਲੈ ਕੇ ਵੀ ਸਿੱਧੂ ਨੇ ਅੰਮ੍ਰਿਤਸਰ ਅਤੇ ਧੂਰੀ ਵਿਚ ਧਰਨੇ ਤਾਂ ਦਿੱਤੇ ਪਰ ਉਹ ਕਾਂਗਰਸ ਦੇ ਮੰਚ ਤੋਂ ਬਿਲਕੁਲ ਵੱਖ ਰਹੇ। ਇਸ ਸਬੰਧੀ ਜਦੋਂ ਹਰੀਸ਼ ਰਾਵਤ ਤੋਂ ਪੁੱਛਿਆ ਗਿਆ ਕਿ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਗ੍ਰੈਜੂਏਸ਼ਨ ਕਰ ਕੇ ਸਿਆਸਤ ਵਿਚ ਆਏ ਹਨ ਅਤੇ ਮੈਂ ਪ੍ਰਾਇਮਰੀ ਪੜ੍ਹ ਕੇ ਸਿਆਸਤ ਵਿਚ ਆਇਆ। ਮੈਨੂੰ ਵੀ ਤਾਂ ਕੋਈ ਹੁਨਰ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ। ਸਿੱਧੂ ਪੰਜਾਬ ਦੀ ਸੇਵਾ ਵੀ ਕਰਨਗੇ ਅਤੇ ਦੇਸ਼ ਦੀ ਵੀ। ਰਾਵਤ ਨੇ ਕਿਹਾ ਕਿ ਸਿੱਧੂ ਅਤੇ ਮੇਰਾ ਟੀਚਾ ਇਕ ਹੀ ਹੈ, ਪੰਜਾਬ ਨੂੰ ਅੱਗੇ ਲੈ ਕੇ ਜਾਣਾ।