ਅਨਿਲ ਅੰਬਾਨੀ ਦੇ ਲੰਡਨ ਅਦਾਲਤ ਵਿੱਚ ਕਈ ਅਹਿਮ ਖੁਲਾਸੇ

ਆਪਣੇ ਗਹਿਣੇ ਵੇਚ ਦਿੱਤੇ, ਇਕੋ ਕਾਰ ਚਲਾਉਂਦਾ ਹਾਂ, ਹੋਰ ਕੋਲ ਕੁਝ ਨਹੀਂ– ਅਨਿਲ ਅੰਬਾਨੀ

ਲੰਡਨ,ਸਤੰਬਰ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  ਕਰਜ਼ੇ 'ਚ ਡੁੱਬੇ ਭਾਰਤੀ ਕਾਰੋਬਾਰੀ ਅਨਿਲ ਅੰਬਾਨੀ ਸ਼ੁੱਕਰਵਾਰ ਨੂੰ ਇਕ ਬਿ੍ਟਿਸ਼ ਅਦਾਲਤ ਵਿਚ ਪੇਸ਼ ਹੋਏ । ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਉਹ ਇਕ ਸਾਧਾਰਨ ਜ਼ਿੰਦਗੀ ਬਤੀਤ ਕਰਦਾ ਹੈ, ਸਿਰਫ਼ ਇੱਕ ਕਾਰ ਚਲਾਉਂਦਾ ਹੈ ਅਤੇ ਉਸ ਨੇ ਆਪਣੀ ਕਾਨੂੰਨੀ ਫੀਸ ਅਦਾ ਕਰਨ ਲਈ ਗਹਿਣੇ ਵੇਚ ਦਿੱਤੇ ਹਨ । ਉਨਾ ਕਿਹਾ ਕਿ ਜਨਵਰੀ ਤੋਂ ਜੂਨ 2020 ਤੱਕ ਵੇਚੇ ਗਏ ਸਾਰੇ ਗਹਿਣਿਆਂ ਤੋਂ 9.9 ਕਰੋੜ ਰੁਪਏ ਪ੍ਰਾਪਤ ਕੀਤੇ ।ਉਸ ਨੇ ਇਹ ਵੀ ਕਿਹਾ ਕਿ ਉਸ ਕੋਲ ਹੁਣ ਕੁਝ ਨਹੀਂ ਬਚਿਆ ਹੈ । ਜਦੋਂ ਉਨਾਂ ਨੂੰ ਲਗਜ਼ਰੀ ਕਾਰਾਂ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਇਹ ਮੀਡੀਆ ਦੀਆਂ ਕਾਲਪਨਿਕ ਕਹਾਣੀਆਂ ਹਨ । ਮੇਰੇ ਕੋਲ ਕਦੇ ਰੋਲਸ-ਰੋਇਸ ਨਹੀਂ ਸੀ । ਜਿਕਰਯੋਗ ਹੈ ਕਿ 22 ਮਈ 2020 ਨੂੰ ਯੂ.ਕੇੇ. ਹਾਈਕੋਰਟ ਨੇ ਅੰਬਾਨੀ ਨੂੰ 12 ਜੂਨ 2020 ਤੱਕ ਤਿੰਨ ਚੀਨੀ ਬੈਂਕਾਂ ਨੂੰ ਕਾਨੂੰਨੀ ਲਾਗਤ 7 ਕਰੋੜ ਰੁਪਏ ਅਤੇ 5,281 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰਨ ਲਈ ਕਿਹਾ ਸੀ । ਪਰ ਇਹ ਰਕਮ ਨਹੀਂ ਦਿੱਤੀ ਗਈ ।15 ਜੂਨ ਨੂੰ ਉਦਯੋਗਿਕ ਅਤੇ ਵਪਾਰਕ ਬੈਂਕ ਆਫ ਚਾਈਨਾ ਲਿਮਟਿਡ ਦੀ ਅਗਵਾਈ ਵਾਲੇ ਚੀਨੀ ਬੈਂਕਾਂ ਨੇ ਅੰਬਾਨੀ ਨੂੰ ਆਪਣੀ ਜਾਇਦਾਦ ਦਾ ਖੁਲਾਸਾ ਕਰਨ ਲਈ ਕਿਹਾ ਸੀ । 29 ਜੂਨ ਨੂੰ ਅੰਬਾਨੀ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੀ ਸਾਰੀ ਜਾਇਦਾਦ ਲਈ ਇਕ ਲੱਖ ਡਾਲਰ (ਲਗਭਗ 74 ਲੱਖ ਰੁਪਏ) ਦਾ ਹਲਫਨਾਮਾ ਪੇਸ਼ ਕਰੇ, ਚਾਹੇ ਉਹ ਉਸ ਦੇ ਮਾਲਕ ਹਨ ਜਾਂ ਸਾਂਝੇ ਤੌਰ 'ਤੇ ਉਸ ਦੇ ਨਾਮ 'ਤੇ ਹਨ ਜਾਂ ਨਹੀਂ । ਬਰਤਾਨਵੀ ਅਦਾਲਤ ਵਿਚ ਅੰਬਾਨੀ ਸ਼ੁੱਕਰਵਾਰ ਨੂੰ ਵੀਡੀਓ-ਕਾਨਫਰੰਸ ਰਾਹੀਂ ਪੇਸ਼ ਹੋਏ । ਉਨ੍ਹਾਂ ਦਾ ਕੇਸ ਲੰਡਨ ਹਾਈਕੋਰਟ ਆਫ ਇੰਗਲੈਂਡ ਐਾਡ ਵੇਲਜ਼ ਦੇ ਵਪਾਰਕ ਡਿਵੀਜ਼ਨ ਦੇ ਜੱਜ ਜਸਟਿਸ ਨਿਜ਼ੇਲ ਟਅਰ ਨੇ ਸੁਣਿਆ । ਅੰਬਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਿਲਾਇੰਸ ਇਨੋਵੇਟਰਸ ਨੂੰ 5 ਅਰਬ ਰੁਪਏ ਦਾ ਕਰਜ਼ਾ ਦਿੱਤਾ ਹੈ ਅਤੇ ਹੁਣ ਉਨਾਂ ਨੂੰ ਕਰਜ਼ੇ ਦੀਆਂ ਸ਼ਰਤਾਂ ਯਾਦ ਨਹੀਂ ਹਨ । ਉਸ ਨੇ ਇਹ ਵੀ ਕਿਹਾ ਕਿ ਰਿਲਾਇੰਸ ਇਨੋਵੇਟਰਸ ਵਿਚ ਉਸ ਦੇ 1.2 ਕਰੋੜ ਦੇ ਇਕੁਵਿਟੀ ਸ਼ੇਅਰ ਹਨ, ਜਿਨ੍ਹਾਂ ਦੀ ਹੁਣ ਕੋਈ ਕੀਮਤ ਨਹੀਂ ਹੈ । ਪਰਿਵਾਰਕ ਟਰੱਸਟਾਂ ਸਮੇਤ ਦੁਨੀਆ ਭਰ ਵਿਚ ਕਿਸੇ ਵੀ ਟਰੱਸਟ ਵਿਚ ਉਨ੍ਹਾਂ ਦਾ ਕੋਈ ਹਿੱਸਾ ਨਹੀਂ ਹੈ।| ਅਦਾਲਤੀ ਸੁਣਵਾਈ ਤੋਂ ਬਾਅਦ ਚੀਨੀ ਬੈਂਕਾਂ ਨੇ ਕਿਹਾ ਕਿ ਉਹ ਅੰਬਾਨੀ ਦੇ ਖਿਲਾਫ ਹਰ ਕਾਨੂੰਨੀ ਰਸਤਾ ਅਖਤਿਆਰ ਕਰਨਗੇ । ਅਨਿਲ ਅੰਬਾਨੀ ਦਾ ਇਹ ਕੇਸ ਚੀਨੀ ਬੈਂਕਾਂ ਦੇ ਕਰਜ਼ੇ ਦੇ ਮਾਮਲੇ ਵਿਚ ਗਰਾਂਟੀ ਲੈਣ-ਦੇਣ ਦਾ ਹੈ ।