ਸਤਲੁਜ ਦਰਿਆ 'ਚ ਭਾਖੜੇ ਡੈਮ ਤੋ ਪਾਣੀ ਛਡਣ ਕਾਰਨ ਦਰਿਆ 'ਚ ਬੀਜੀ ਕਣਕ ਦੀ ਫਸਲ ਪਾਣੀ 'ਚ ਡੁੱਬੀ

ਰੇਤ ਕਾਰੋਬਾਰੀਆਂ ਵੱਲੋਂ ਦਰਿਆ ਅੰਦਰ ਨਜਾਇਜ਼ ਬੰਨ ਬਣਾਏ ਜਾਣ ਕਾਰਨ ਹੋਇਆ ਫਸਲ ਦਾ ਨੁਕਸਾਨ - ਕਾਮਰੇਡ ਰਾਜੂ

ਸਿੱਧਵਾਂ ਬੇਟ, 26-ਅਪ੍ਰੈਲ (ਜਰਨੈਲ ਸਿੱਧੂ) ਦਰਿਆ ਸਤਲੁਜ ਵਿੱਚ ਛੱਡੇ ਪਾਣੀ ਕਾਰਨ ਨਾਲ ਲਗਦੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਕਣਕ ਦੀ ਪੱਕੀ ਖੜ੍ਹੀ ਫਸਲ ਪਾਣੀ ਵੜ ਗਿਆ । ਜਿਸ ਕਾਰਨ ਕਿਸਾਨਾ ਵਿੱਚ ਹਫੜਾ-ਦਫੜੀ ਫੈਲ ਗਈ। ਜਮੀਨ ਮਾਲਕਾਂ ਵੱਲੋਂ ਜਲਦੀ ਜਲਦੀ ਵਿੱਚ ਆਪਣੀ ਪੱਕੀਆਂ ਫਸਲ ਨੂੰ ਪਾਣੀ ਅੰਦਰ ਵੜ੍ਹ ਕੇ ਵੱਢਣੀਆ ਪੈ ਰਹੀਆ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਮਰੇਡ ਬਲਰਾਜ ਸਿੰਘ ਕੋਟਉਮਰਾ ਨੇ ਦੱਸਿਆ ਕਿ ਸਤਲੁਜ ਦਰਿਆ ਅੰਦਰ ਮਾਈਨਿੰਗ ਦਾ ਕਾਰੋਬਾਰ ਕਰ ਰਹੇ ਠੇਕੇਦਾਰਾਂ ਵੱਲੋਂ ਦਰਿਆ ਦੇ ਵਗ ਰਹੇ ਪਾਣੇ ਦਾ ਵਹਾਅ ਬਦਲਣ ਲਈ ਬਣਾਏ ਨਜਾਇਜ਼ ਬੰਨ ਕਾਰਨ ਦਰਿਆ ਵਿੱਚ ਛੱਡਿਆ ਪਾਣੀ ਗਰੀਬ ਕਿਸਾਨਾਂ ਦੀ ਖੜੀ ਕਣਕ ਦੀ ਪੱਕੀ ਫਸਲ ਵਿੱਚ ਜਾ ਵੜ੍ਹਿਆ। ਉਨ੍ਹਾਂ ਰੇਤ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਤੇ ਦੋਸ਼ ਲਗਾਉਂਦਿਆਂ ਆਖਿਆ ਕਿ ਇਹਨਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਦਰਿਆ ਵਿੱਚ ਵਗ ਰਹੇ ਪਾਣੀ ਦੇ ਵਹਾਅ ਨੂੰ ਰੋਕਾਂ ਲਗਾ ਕੇ ਬਦਲ ਦਿੱਤਾ ਗਿਆ ਅਤੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੀ ਜ਼ਮੀਨ ਤੋਂ ਨਜਾਇਜ਼ ਤਰੀਕੇ ਨਾਲ ਮਾਈਨਿੰਗ ਕੀਤੀ ਗਈ। ਪਰ ਹੁਣ ਜਦੋਂ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਰੇਤ ਕਾਰੋਬਾਰੀਆਂ ਵੱਲੋਂ ਲਗਾਈਆਂ ਨਜਾਇਜ਼ ਰੋਕਾਂ ਕਾਰਨ ਦਰਿਆ ਦਾ ਪਾਣੀ ਨਾਲ ਲਗਦੀਆਂ ਜ਼ਮੀਨਾਂ ਵਿੱਚ ਜਾ ਵੜ੍ਹਿਆ ਜਿਸ ਕਾਰਨ ਕਣਕ ਦੀ ਪੱਕੀ ਖੜ੍ਹੀ ਫਸਲ ਦਾ ਨੁਕਸਾਨ ਹੋਣ ਦਾ ਖਦਸਾ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਸਜਵਾਰਾ ਸਿੰਘ ਦੇ 5 ਕਿੱਲੇ ਅਤੇ ਪਿਆਰੋ ਬਾਈ ਵਿਧਵਾ ਲਾਲ ਸਿੰਘ ਦਾ ਸਵਾ ਕਿੱਲਾ ਦਰਿਆ ਦੇ ਵਧੇ ਪਾਣੀ ਦੇ ਵਹਾਅ ਵਿੱਚ ਆ ਗਿਆ ਹੈ ਜੋ ਕਿ ਆਪਣੀ ਫਸਲ ਨੂੰ ਉਪਰ ਤੋਂ ਹੀ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਇਸ ਮੌਕੇ ਰੇਤ ਕਾਰੋਬਾਰੀਆਂ ਨਾਲ ਜੁੜੇ ਲੋਕਾਂ ਖਿਲਾਫ ਗਰੀਬ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।