ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਦੇ ਧਾਦੀਆ ਢਾਬੇ ਦੇ ਨਜ਼ਦੀਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ- ਦਵਿੰਦਰ ਸਿੰਘ ਬੀਹਲਾ

ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ,ਕਿਸਾਨਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਵਜੀਰੀਆ ਤਿਆਗੀਆਂ

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਅਸਤੀਫ਼ਾ ਦੇਣ ਤੋਂ ਬਾਅਦ ਸੰਸਦ ਬੀਬਾ ਹਰਸਿਮਰਤ ਕੌਰ ਬਾਦਲ ਪੰਜਾਬ ਪੁੱਜੇ ਤਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਕਾਲੀ ਆਗੂਆਂ'ਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਹਲਕਾ ਬਰਨਾਲਾ ਤੋਂ 115 ਗੱਡੀਆਂ ਦਾ ਕਾਫਲਾ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਤੇ ਅਕਾਲੀ ਆਗੂਆਂ ਦੀ ਅਗਵਾਈ 'ਚ ਰਵਾਨਾ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਿਸ ਨੇ ਕਿਸਾਨਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਵਜੀਰੀਆ ਤਿਆਗੀਆਂ ਹਨ। ਹੁਣ ਫਿਰ ਜਦੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਨਾਲ ਖੜਨ ਦਾ ਫੈਸਲਾ ਕੀਤਾ ਹੈ ਜਿਸ ਦਾ ਹਰ ਪੰਜਾਬੀ ਕਿਸਾਨ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਐਲਾਨੀਆ ਕਹਿ ਚੁੱਕੇ ਹਨ ਕਿ ਕਿਸਾਨਾਂ ਲਈ ਜੇਕਰ ਗਠਜੋੜ ਤੋੜਨਾ ਪਿਆ ਤਾਂ ਪਿੱਛੇ ਨਹੀਂ ਹਟਾਂਗੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਧੀ ਹੋਣ ਦਾ ਫਰਜ਼ ਅਦਾ ਕੀਤਾ ਹੈ ਜਿਸ ਦੀ ਸ਼ਲਾਘਾ ਹੋ ਰਹੀ। ਉਹਨਾਂ ਕਾਂਗਰਸ 'ਤੇ ਆਮ ਆਦਮੀ ਪਾਰਟੀ 'ਤੇ ਵਰ•ਦਿਆਂ ਕਿਹਾ ਕਿ ਇਸ ਦੋਵੇਂ ਪਾਰਟੀਆਂ ਕੇਂਦਰ ਖ਼ਿਲਾਫ਼ ਸੰਘਰਸ਼ ਕਰਨ ਦੀ ਥਾਂ ਅਕਾਲੀ ਦਲ ਨੂੰ ਹੀ ਬਦਨਾਮ ਕਰ ਰਹੀਆਂ ਹਨ। ਭਗਵੰਤ ਮਾਨ ਵੱਲੋਂ ਸੰਸਦ 'ਚ ਵੀ ਹੋਛੀ ਰਾਜਨੀਤੀ ਕੀਤੀ ਗਈ। ਜਿਸ ਤੋਂ ਪੰਜਾਬ ਦਾ ਹਰ ਵਾਸੀ ਪੂਰੀ ਤਰਾਂ ਜਾਣੂ ਹੋ ਚੁੱਕਾ ਹੈ। ਉਹਨਾਂ ਕਿਸਾਨ ਯੂਨੀਅਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ 'ਤੇ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਸਵਾਗਤ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਦੇ ਧਾਦੀਆ ਢਾਬੇ ਦੇ ਨਜ਼ਦੀਕ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਸਮੂਹ ਅਕਾਲੀ ਵਰਕਰਾਂ ਨੂੰ ਇਸ ਰੋਸ ਧਰਨੇ 'ਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਮੱਖਣ ਧਨੌਲਾ, ਗੌਰਵ ਧਨੌਲਾ, ਹਰਮਨ ਬਾਜਵਾ, ਸਰਪੰਚ ਰਾਜਵਿੰਦਰ ਸਿੰਘ ਅਤੇ ਸਰਪੰਚ ਲੱਖੀ ਭੂਰੇ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜਰ ਸਨ।