ਅਨੇਕਾਂ ਸਮੱਸਿਆਵਾਂ ਨਾਲ ਜੂਝਦੀ ਪਿੰਡ ਗਹਿਲ ਦੀ ਗਊਸ਼ਾਲਾ

ਦਵਿੰਦਰ ਸਿੰਘ ਬੀਹਲਾ ਨੇ ਗਊਆਂ ਲਈ ਸ਼ੈਡ ਬਣਾਉਣ ਦਾ ਭਰੋਸਾ ਦਿੱਤਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਬੇਸਹਾਰਾ ਗਊਆਂ ਦੀ ਸੇਵਾ ਸੰਭਾਲ ਲਈ ਪੰਜਾਬ ਭਰ 'ਚ ਅਨੇਕਾਂ ਗਊਸ਼ਾਲਾ ਬਣੀਆਂ ਹੋਈਆਂ ਹਨ ਜੋ ਸਫਲਤਾ ਪੂਰਵਕ ਚੱਲ ਰਹੀਆਂ ਹਨ। ਪਰ ਪਿੰਡ ਗਹਿਲ ਵਿਖੇ ਬਣੀ ਗਊਸ਼ਾਲਾ ਦੀ ਹਾਲਤ ਬੇਹੱਦ ਤਰਸਯੋਗ ਹੈ। ਇਸ ਗਊਸ਼ਾਲਾ 'ਚ ਗਊਆਂ ਦੀ ਸਾਂਭ ਸੰਭਾਲ ਦੇ ਪੁਖਤਾ ਪ੍ਰਬੰਧ ਨਹੀ ਜਿਸ ਕਾਰਨ ਗਊਸ਼ਾਲਾ ਦੇ ਪ੍ਰਬੰਧਕ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਗਊਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਕਰਨ ਦਾਸ ਨੇ ਦੱਸਿਆ ਕਿ ਇਸ ਗਊਸ਼ਾਲਾ 'ਚ 250 ਤੋਂ ਵੱਧ ਗਊਆਂ 'ਤੇ ਵੱਛੇ ਹਨ। ਗਊਆਂ ਉਪਰ ਪਾਇਆ ਗਿਆ ਸ਼ੈਡ ਵੀ ਪੂਰਾ ਨਹੀ ਜਿਸ ਕਾਰਨ ਗਊਆਂ ਕਾਫੀ ਧੁੱਪ ਅਤੇ ਮੀਹ 'ਚ ਬਾਹਰ ਹੀ ਰਹਿੰਦੀਆਂ ਹਨ ਜਿਸ ਕਾਰਨ ਉਹ ਬਿਮਾਰ ਵੀ ਹੋ ਜਾਂਦੀਆਂ ਹਨ ਜਿੰਨਾਂ ਦੀ ਦਵਾਈ 'ਤੇ ਇਲਾਜ ਲਈ ਗਊਸ਼ਾਲਾ ਕੋਲ ਫੰਡ ਨਾ ਹੋਣ ਕਰਕੇ ਮੁਸੀਬਤ ਪੈਦਾ ਹੋ ਜਾਂਦੀ ਹੈ। ਗਊਆਂ ਦੇ ਰਹਿਣ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਗਊਸ਼ਾਲਾ 'ਚ ਗਊਆਂ ਨੂੰ ਬਿਮਾਰੀ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ।ਸੇਵਾਦਾਰ ਹਰਬੰਸ ਸਿੰਘ ਅਤੇ ਸੇਵਾਦਾਰ ਮੇਜਰ ਸਿੰਘ ਦੱਸਿਆ ਕਿ ਸਾਰੀ ਗਊਸ਼ਾਲਾ 'ਚ ਸਿਰਫ਼ 1 ਹੀ ਕਮਰਾ ਹੈ ਜਿਸ 'ਚ ਬਾਬਾ ਕਰਨ ਦਾਸ ਰਹਿੰਦੇ ਹਨ। ਜਦੋਂ ਬਾਰਸ਼ ਹੁੰਦੀ ਹੈ ਉਹ ਵੀ ਚੋਣ ਲੱਗਦਾ ਹੈ। ਇਸ ਕਮਰੇ 'ਚ ਸੱਪ, ਬਿੱਛੂ ਅਤੇ ਕੀੜੇ ਆਮ ਹੀ ਆ ਜਾਂਦੇ ਹਨ ਜੋ ਕਿਸੇ ਸਮੇਂ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਹਨ। ਇਸ ਕਮਰੇ ਦੀ ਹਾਲਤ ਵੀ ਕਾਫੀ ਖਸਤਾ ਹੈ। ਉਹਨਾਂ ਦੱਸਿਆ ਕਿ ਇਸ ਗਊਸ਼ਾਲਾ 'ਚ ਬਿਜਲੀ ਦਾ ਬਿੱਲ ਵੀ ਕਾਫੀ ਆਉਂਦਾ ਹੈ, ਫੰਡ ਨਾ ਹੋਣ ਕਰਕੇ ਭਰਿਆ ਨਹੀ ਜਾ ਸਕਦਾ 'ਤੇ ਬਿਜਲੀ ਕਰਮਚਾਰੀ ਮੀਟਰ ਕੱਟਣ ਨੂੰ ਕਹਿ ਕੇ ਜਾਂਦੇ ਹਨ। ਇਸ ਗਊਸ਼ਾਲਾ 'ਚ ਗਊਆਂ ਲਈ ਚਾਰਾ ਕੁਤਰਨ ਵਾਲੀ ਮਸ਼ੀਨ ਅਤੇ ਪੀਟਰ ਇੰਜਣ ਦੀ   ਖਸਤਾ ਹਾਲਤ ਹੈ। ਇਸ ਮੌਕੇ ਬਾਬਾ ਕਰਨ ਦਾਸ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਗਊਸ਼ਾਲਾ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਹਿਯੋਗ ਕਰਨ ਤਾਂ ਜੋ ਇਸ ਗਊਸ਼ਾਲਾ 'ਚ ਜਿੱਥੇ ਗਊਆਂ ਲਈ ਸ਼ੈਡ ਬਣਾਇਆ ਜਾ ਸਕੇ ਉਥੇ ਸੇਵਾਦਾਰਾਂ ਲਈ ਕਮਰੇ ਬਣਾਉਣ ਦੇ ਨਾਲ ਨਾਲ ਹੋਰ ਘਾਟਾਂ ਪੂਰੀਆਂ ਕੀਤੀਆਂ ਜਾਣ। ਇਸ ਗਊਸ਼ਾਲਾ ਦੀਆਂ ਘਾਟਾਂ ਨੂੰ ਦੇਖਦਿਆ ਸੀਨੀਅਰ ਅਕਾਲੀ ਆਗੂ 'ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਗਊਸ਼ਾਲਾ ਲਈ ਸ਼ੈਡ ਬਣਾਉਣ ਤੇ ਹੋਰ ਘਾਟਾਂ ਲਈ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ। ਬੀਹਲਾ ਨੇ ਕਿਹਾ ਕਿ ਪੰਜਾਬ ਦਾਨੀ ਸੱਜਣਾਂ ਦੀ ਧਰਤੀ ਹੈ ਇਸ ਗਊਸ਼ਾਲਾ ਦੀਆਂ ਕਮੀਆਂ ਜਲਦ ਪੂਰੀਆ ਹੋ ਜਾਣਗੀਆਂ। ਉਹਨਾਂ ਜਿੱਥੇ ਆਪ ਗਊਸ਼ਾਲਾ ਲਈ ਸ਼ੈਡ ਦੇ ਨਿਰਮਾਣ ਕਰਨ ਦਾ ਬਾਬਾ ਕਰਨ ਦਾਸ ਨੂੰ ਭਰੋਸਾ ਦਿੱਤਾ ਉੱਥੇ ਹੋਰਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਪਿੰਡ ਗਹਿਲ ਗਊਸ਼ਾਲਾ ਲਈ ਸਹਿਯੋਗ ਕਰਨ।