ਫ਼ਿਰੋਜ਼ਪੁਰ, 30 ਨਵੰਬਰ (ਜਨਸ਼ਕਤੀ ਨਿਊਜ਼ ਬਿਓਰੋ) ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਪੰਜਾਬ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ 'ਪੰਜਾਬੀ ਮਾਂਹ' ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਹਲਕਾ ਫਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ਼ ਅਤੇ ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੇਖਕ ਅਧਿਆਪਕ ਸਰਦਾਰ ਹੀਰਾ ਸਿੰਘ ਤੂਤ ਜੀ ਸੋਲ੍ਹਵੀਂ ਕਿਤਾਬ ਤੇ ਕਾਵਿ- ਸੰਗ੍ਰਹਿ ਦੀ ਛੇਵੀਂ ਕਿਤਾਬ ' ਫਿਜ਼ਾਵਾਂ ਦੇ ਰੰਗ' ਲੋਕ ਅਰਪਣ ਕੀਤੀ ਗਈ । ਇਸ ਸਮੇਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਜਗਦੀਪ ਸਿੰਘ ਸੰਧੂ , ਸਰਦਾਰ ਗੁਰਤੇਜ ਕੋਹਾਰਵਾਲਾ, ਡਾਕਟਰ ਸਤਿੰਦਰ ਸਿੰਘ, ਸ. ਜਸਵੰਤ ਕੈਲਵੀ , ਜਗਤਾਰ ਸੋਖੀ , ਪ੍ਰੀਤ ਜੱਗੀ, ਮਲਕੀਤ ਹਰਾਜ, ਬਿੱਕਰ ਸਿੰਘ ਆਜ਼ਾਦ, ਤਰਸੇਮ ਅਰਮਾਨ, ਅਮਨਦੀਪ ਜੌਹਲ , ਕੁਲਬੀਰ ਮਲਿਕ, ਦੀਪ ਜੀਰਵੀ ਅਤੇ ਸਰਬਜੀਤ ਭਾਵੜਾ ਜੀ ਆਦਿ ਸ਼ਾਮਲ ਸਨ। ਸਾਰੇ ਪੱਤਵੰਤੇ ਸੱਜਣਾ ਵੱਲੋ ਲੇਖਕ ਹੀਰਾ ਸਿੰਘ ਤੂਤ ਨੂੰ ਸ਼ੁਭਕਾਮਨਾ ਭੇਂਟ ਕੀਤੀਆਂ ਗਈਆਂ।