ਭਾਰਤ ਵਿੱਚ ਸੁਰੱਖਿਅਤ ਨਹੀਂ ਹਨ ਸਿੱਖ -ਗਿਆਨੀ ਹਰਪ੍ਰੀਤ ਸਿੰਘ 

ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨ  

ਤਲਵੰਡੀ ਸਾਬੋ , ਸਤੰਬਰ 2020  (ਜਸਮੇਲ ਗਾਲਿਬ/ਮਨਜਿੰਦਰ ਗਿੱਲ )- ਪਿਛਲੇ ਸਮੇਂ ਤੋਂ ਬੇਬਾਕੀ ਨਾਲ ਪੰਥਕ ਮਸਲਿਆਂ ਨੂੰ ਸੁਲਝਾਉਣ ਦੇ ਚਲਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਵੱਲੋਂ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਆਪਣੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾ. ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ।    ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਮੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਨਾ ਤਾਂ ਸਿੱਖਾਂ ਦੇ ਧਰਮ ਗ੍ਰੰਥ ਸੁਰੱਖਿਅਤ ਹਨ ਅਤੇ ਨਾ ਹੀ ਸਿੱਖਾਂ ਦੇ ਅਕੀਦੇ, ਨਾ ਹੀ ਸਿੱਖਾਂ ਦੀਆਂ ਮਰਿਆਦਾਵਾਂ, ਨਾ ਹੀ ਸਿੱਖਾਂ ਦੇ ਧਾਰਮਿਕ ਸਥਾਨ ਅਤੇ ਨਾ ਹੀ ਸਿੱਖ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਹੀ ਭਾਰਤ ਵਿੱਚ ਰਹਿਣਾ ਪਸੰਦ ਕਰਦੇ ਆ ਰਹੇ ਹਨ, 1947 ਦੀ ਵੰਡ ਵੇਲੇ ਵੀ ਸਿੱਖਾਂ ਨੇ ਭਾਰਤ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ, ਸਿੱਖ ਆਪਣੇ ਆਪ ਨੂੰ ਭਾਰਤ ਵਿੱਚ ਸੁਰੱਖਿਅਤ ਮੰਨਦੇ ਸਨ, ਪਰ ਅੱਜ ਦੇ ਮਾਹੌਲ ਵਿੱਚ ਨਾ ਤਾਂ ਸਿੱਖ ਅਤੇ ਨਾ ਸਿੱਖਾਂ ਦੇ ਧਾਰਮਿਕ ਗ੍ਰੰਥ, ਧਾਰਮਿਕ ਸਥਾਨ, ਮਰਿਆਦਾਵਾਂ ਸਿੱਖ ਪਰੰਪਰਾਵਾਂ, ਧਾਰਮਿਕ ਅਸਥਾਨ, ਅਕੀਦੇ ਅਤੇ ਸਿੱਖ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਹੀ ਸਿੱਖਾਂ ਦੀ ਮੰਗ ਉੱਠੀ ਹੈ ਕਿ ਉਨ੍ਹਾਂ ਨੂੰ ਆਪਣਾ ਵੱਖਰਾ ਘਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਰਾਹੀਂ ਸਿੱਖਾਂ ਦੇ ਧਾਰਮਿਕ ਸਥਾਨ, ਸਿੱਖਾਂ ਦੇ ਗ੍ਰੰਥ, ਸਿੱਖਾਂ ਦੀਆਂ ਮਰਿਆਦਾਵਾਂ ਅਤੇ ਇੱਥੋਂ ਤੱਕ ਕਿ ਸਿੱਖ ਸ਼ਖਸੀਅਤਾਂ ਨੂੰ ਵੀ ਭੰਡੀ ਪ੍ਰਚਾਰ ਰਾਹੀਂ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਆਪਣਿਆਂ ਤੋਂ ਹੀ ਬਦਨਾਮ ਕਰਵਾਇਆ। ਸੋਸ਼ਲ ਮੀਡੀਆ ਰਾਹੀਂ ਵੱਖ ਵੱਖ ਸ਼ਖਸੀਅਤਾਂ ਦੇ ਖਿਲਾਫ ਪ੍ਰਚਾਰ ਕਰਨ ਦੀ ਮੁਹਿੰਮ ਜ਼ੋਰਾਂ ਤੇ ਚੱਲ ਰਹੀ ਹੈ। ਵਿਰੋਧੀਆਂ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਅਤੇ ਸਿੱਖਾਂ ਦੇ ਧਰਮ ਨੂੰ ਬਦਨਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਰੇਕ ਸਿੱਖ ਨੂੰ ਜੁਆਬਦੇਹ ਹੋਣਾ ਪੈਂਦਾ ਸੀ, ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਟਾਰਗੇਟ ਕਰਕੇ ਉਸ ਤੋਂ ਸਿੱਖਾਂ ਨੂੰ ਵੱਖ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਸਿੱਖ ਚਿਹਰੇ ਹੀ ਸਿੱਖਾਂ ਦਾ ਘਾਣ ਕਰ ਰਹੇ ਹਨ, ਆਪਣੇ ਫਾਇਦੇ ਲਈ ਸਿੱਖ ਵੱਖ ਵੱਖ ਜਥੇਬੰਦੀਆਂ ਬਣਾ ਰਹੇ ਹਨ। ਓਹਨਾ ਸਿੱਖ ਫੈਡਰੇਸ਼ਨ ਨੂੰ ਵਰੇ ਗੰਢ ਦੀ ਵਧਾਈ ਦੇਂਦੇ ਆਖਿਆ ਕਿ ਅੱਜ ਸਮਾਂ ਹੈ ਸਾਨੂ ਮਿਲ ਬੈਠ ਕੇ ਵਿਚਾਰਾਂ ਕਰਨ ਦਾ ਇਸ ਲਈ ਮੈਂ ਧਨਵਾਦੀ ਹੈ ਫੈਡਰੇਸ਼ਨ ਗਰੇਵਾਲ ਦਾ ਜਿਨ੍ਹਾਂ ਮੇਰੇ ਕਹਿਣ ਤੇ ਹਰੇਕ ਫੈਡਰੇਸ਼ਨ ਦੇ ਸੇਵਾਦਾਰਾਂ ਨੂੰ ਇਥੇ ਆਉਣ ਦਾ ਸੱਦਾ ਦਿੱਤਾ।