ਭਾਰਤੀ ਮੀਡੀਆ ਨੂੰ ਸਲਾਮ ✍️ ਸਲੇਮਪੁਰੀ ਦੀ ਚੂੰਢੀ 

ਭਾਰਤੀ ਮੀਡੀਆ ਨੂੰ ਸਲਾਮ!

ਭਾਰਤੀ ਮੀਡੀਆ ਨੇ ਪਿਛਲੇ 5-7 ਸਾਲਾਂ ਦੌਰਾਨ ਸੰਸਾਰ ਪੱਧਰ 'ਤੇ ਆਪਣੀਆਂ ਵਿਲੱਖਣ ਉਪਲੱਬਧੀਆਂ ਕਰਕੇ ਵੱਖਰੀ ਪਛਾਣ ਬਣਾ ਲਈ ਹੈ। ਭਾਰਤੀ ਮੀਡੀਆ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ  ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਇੰਨਾ ਦਿਨਾਂ ਵਿਚ ਭਾਰਤ ਦੇ ਲੋਕਾਂ ਸਾਹਮਣੇ ਫਿਲਮੀ ਦੁਨੀਆ ਨਾਲ ਜੁੜੇ ਲੋਕ ਜਿੰਨਾ ਵਿਚ ਰੀਆ ਚੱਕਰਵਰਤੀ, ਕੰਗਨਾ ਅਤੇ ਖੁਦਕੁਸ਼ੀ ਕਰ ਚੁੱਕੇ ਸੁਸ਼ਾਂਤ ਰਾਜਪੂਤ ਨਾਲ ਵਾਪਰੀਆਂ ਘਟਨਾਵਾਂ  ਸ਼ਾਮਲ ਹਨ, ਇੱਕ ਚੁਣੌਤੀ ਹੈ ਜੋ ਮੁੱਖ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ, ਨੂੰ ਭਾਰਤੀ ਮੀਡੀਆ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਉਜਾਗਰ ਕਰਕੇ ਸੁਲਝਾਉਣ ਲਈ ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀ ਬਣਦੀ ਜਿੰਮੇਵਾਰੀ ਨਿਭਾਅ ਰਿਹਾ ਹੈ। ਇਥੇ ਹੀ ਬਸ ਨਹੀਂ ਰੀਆ ਚੱਕਰਵਰਤੀ  ਜੇਲ ਵਿਚ ਕਦੋਂ ਸੌੰਦੀ ਹੈ, ਕਦੋਂ ਜਾਗਦੀ ਹੈ, ਉਸ ਦੇ ਖਾਣੇ ਵਿਚ ਕਿਹੜੀ ਦਾਲ ਸਬਜੀ ਹੈ,ਉਹ ਕੀ ਕਰ ਰਹੀ ਹੈ, ਉਹ ਕਿੰਨਾ ਚਿਰ ਸੌੰਦੀ ਹੈ, ਕਿੰਨੀ ਵਾਰ ਬਾਥਰੂਮ ਜਾਂਦੀ ਹੈ, ਦੇ ਬਾਰੇ ਮਿੰਟ ਮਿੰਟ ਦੀ ਖਬਰ ਦੇਸ਼ ਦੇ ਲੋਕਾਂ ਨੂੰ ਦੱਸੀ ਜਾ ਰਹੀ ਹੈ। ਕੰਗਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਜਾਂ ਸੋਨੀਆ ਗਾਂਧੀ ਨੂੰ ਕੀ ਕਿਹਾ, ਉਹ ਕੀ ਸੋਚਦੀ ਹੈ, ਉਸ ਦੇ ਚਿਹਰੇ 'ਤੇ ਉਦਾਸੀ ਹੈ ਜਾਂ ਗੁੱਸੇ ਦੀ ਝਲਕ ਦਿਖਾਈ ਦੇ ਰਹੀ ਹੈ ਦੇ ਬਾਰੇ ਨਾਲੋ ਨਾਲ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਅਮਿਤਾਭ ਬੱਚਨ ਨੂੰ ਕੋਰੋਨਾ ਹੋਇਆ ਸੀ ਤਾਂ ਉਸ ਦੀ ਸਿਹਤ ਬਾਰੇ ਵੀ ਭਾਰਤੀ ਮੀਡੀਆ ਵਲੋਂ ਲੋਕਾਂ ਨੂੰ ਨਾਲੋ ਨਾਲ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਰਹੀ ਹੈ ਅਤੇ ਇਥੋਂ ਤੱਕ ਕਿ ਉਸ ਦੇ ਪਖਾਨੇ ਜਾਣ ਅਤੇ ਪਿਸ਼ਾਬ ਕਰਨ ਅਤੇ ਕਿੰਨੇ ਮਿਲੀਲੀਟਰ ਪਿਸ਼ਾਬ ਕੀਤਾ ਨਾਲ ਸਬੰਧਿਤ ਵੀ ਲੋਕਾਂ ਨੂੰ ਨਾਲੋ ਨਾਲ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਤਾਂ ਜੋ ਲੋਕ ਮਹੱਤਵਪੂਰਨ ਜਾਣਕਾਰੀ ਤੋਂ ਵਾਂਝੇ ਨਾ ਰਹਿ ਸਕਣ। ਮਾਰਚ ਦੇ ਮਹੀਨੇ ਜਦੋਂ ਭਾਰਤ ਵਿਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਤਾਂ ਭਾਰਤੀ ਮੀਡੀਆ ਨੇ  ਮੁਸਲਮਾਨਾਂ ਅਤੇ ਸਿੱਖਾਂ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੇ ਜਿਸ ਤਰ੍ਹਾਂ ਪੇਸ਼ ਕੀਤਾ, ਬਹੁਤ ਹੀ ਕਾਬਲੇ ਤਾਰੀਫ ਰਿਹਾ ਹੈ। ਭਾਰਤੀ ਮੀਡੀਆ  ਆਪਣੀ ਜਿੰਮੇਵਾਰੀ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਬਾਖੂਬੀ ਨਿਭਾ ਰਿਹਾ ਹੈ। ਭਾਰਤੀ ਮੀਡੀਆ ਭਲੀਭਾਂਤ ਜਾਣਦਾ ਹੈ ਕਿ ਦੇਸ਼ ਦੇ ਸਾਹਮਣੇ ਇਸ ਵੇਲੇ ਰੀਆ ਚੱਕਰਵਰਤੀ, ਕੰਗਨਾ ਅਤੇ ਸੁਸ਼ਾਂਤ ਰਾਜਪੂਤ ਨਾਲ ਜੁੜੀ ਸਮੱਸਿਆ ਹਿਮਾਲਾ ਪਰਬਤ ਤੋਂ ਵੀ ਉੱਚੀ ਸਮੱਸਿਆ ਹੈ, ਜਦਕਿ ਭੁੱਖਮਰੀ, ਗਰੀਬੀ, ਲਾਚਾਰੀ, ਬੇਰੋਜਗਾਰੀ, ਵਿਕਾਸ ਦੀ ਦਰ ਦੀ ਰਫਤਾਰ ਵਿਚ ਆਈ ਖੜੋਤ, ਲੋਕਾਂ ਦਾ ਖੁੱਸ ਰਿਹਾ ਰੋਜਗਾਰ,ਬੰਦ ਹੋ ਰਹੀਆਂ ਸਨੱਅਤਾਂ, ਤੇਜ ਰਫਤਾਰ ਨਾਲ ਵਧ ਰਿਹਾ ਕੋਰੋਨਾ, ਦੇਸ਼ ਦੀਆਂ ਬੈਂਕਾਂ ਦੀ ਹੋ ਰਹੀ ਲੁੱਟ ਖਸੁੱਟ ਵਰਗੀਆਂ ਸਮੱਸਿਆਵਾਂ ਮਹੱਤਵਪੂਰਨ ਨਹੀਂ ਆਮ ਜਿਹੀ ਗੱਲ ਹੈ , ਇਸ ਲਈ ਭਾਰਤੀ ਮੀਡੀਆ ਇੰਨਾ ਨੂੰ ਤਰਜੀਹ ਦੇਣਾ ਮੁਨਾਸਿਬ ਨਹੀਂ ਸਮਝ ਰਿਹਾ। ਭਾਰਤੀ ਮੀਡੀਆ ਆਪਣੇ ਇਖਲਾਕੀ ਫਰਜਾਂ ਦੀ ਪਾਲਣਾ ਕਰਦਿਆਂ  ਸੰਸਾਰ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾ ਬੈਠਾ ਹੈ। ਇਥੇ ਹੀ ਬਸ ਨਹੀਂ ਭਾਰਤੀ ਮੀਡੀਆ ਦੇਸ਼ ਦੇ ਇਕ ਨੰਬਰ ਦੇ ਦੁਸ਼ਮਣ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਉਸ ਨੂੰ ਮੂੰਹ ਮੋੜਵਾਂ ਜੁਆਬ ਦੇਣ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ,  ਜਦ ਕਿ ਸੰਸਾਰ ਦੇ ਸ਼ਕਤੀਸ਼ਾਲੀ ਦੇਸ਼ ਚੀਨ ਦੀਆਂ ਫੌਜਾਂ ਵਲੋਂ ਭਾਰਤੀ ਖੇਤਰ ਵਿਚ ਬੂਟਾਂ ਦੀ ਪਾਈ ਜਾ ਖੜਾਕ ਇਸ ਲਈ ਸੁਣਾਈ ਨਹੀਂ ਦੇ ਰਹੀ ਕਿਉੰ ਇਹ ਵੀ ਕੋਈ ਖਾਸ ਸਮੱਸਿਆ ਨਾ ਹੋ ਕੇ ਆਮ ਹੈ । ਭਾਰਤੀ ਮੀਡੀਆ ਆਪਣੀ ਜਿੰਮੇਵਾਰੀ ਨਿਭਾਉਂਦਾ ਹੋਇਆ ਬਹੁਤ ਹੀ ਸ਼ਾਨ ਨਾਲ ਅੱਗੇ ਵਧ ਰਿਹਾ ਹੈ, ਇਸ ਲਈ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਥੇ ਹੀ ਬਸ ਨਹੀਂ ਭਾਰਤੀ ਮੀਡੀਆ ਹੁਣ ਮਾਣਯੋਗ ਸੁਪਰੀਮ ਕੋਰਟ ਤੋਂ ਵੀ ਉਪਰ ਉਠ ਕੇ ਇਕ ਜੱਜ ਦੀ ਤਰ੍ਹਾਂ ਫੈਸਲੇ ਸੁਣਾ ਰਿਹਾ ਹੈ। ਭਾਰਤੀ ਮੀਡੀਆ ਹੁਣ ਲੋਕਾਂ ਦੇ ਘਰਾਂ ਵਿਚ ਜਬਰਦਸਤੀ ਦਾਖਲ ਹੋ ਕੇ ਨਣਦ - ਭਰਜਾਈ ਦੀ ਤੂੰ ਤੁੰ - ਮੈਂ ਮੈਂ ਨੂੰ ਜੋ ਭਾਰਤੀ ਸੱਭਿਆਚਾਰ ਦਾ ਇਕ ਹਿੱਸਾ ਹੈ ਨੂੰ ਵੀ ਉਜਾਗਰ ਕਰਨ ਲਈ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ ਤਾਂ ਜੋ ਮਹੱਤਵਪੂਰਨ ਖਬਰਾਂ ਤੋਂ ਲੋਕ ਵਾਂਝੇ ਨਾ ਰਹਿ ਜਾਣ। ਕਿਸਾਨਾਂ, ਖੇਤ ਮਜ਼ਦੂਰਾਂ, ਅਤੇ ਕਰਜੇ ਦੇ ਬੋਝ ਥੱਲੇ ਦੱਬੇ ਹੋਏ ਆਮ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਹੁਣ ਮੀਡੀਆ ਲਈ ਕੋਈ ਮਹੱਤਵਪੂਰਨ ਘਟਨਾਵਾਂ ਨਹੀਂ ਰਹਿ ਗਈਆਂ। ਭਾਰਤੀ ਮੀਡੀਆ ਦੀ ਪਾਰਖੂ ਅੱਖ ਨੇ ਦਲਿਤਾਂ, ਸਿੱਖਾਂ, ਮੁਸਲਮਾਨਾਂ,ਬੋਧੀਆਂ ਅਤੇ ਬੁੱਧੀਜੀਵੀਆਂ ਉਪਰ ਹੋ ਰਹੇ ਹਮਲਿਆਂ ਨਾਲ ਸਬੰਧਿਤ ਘਟਨਾਵਾਂ ਦੀਆਂ ਖਬਰਾਂ ਦੀ ਪਰਖ ਕਰਕੇ ਉਜਾਗਰ ਨਾ ਕਰਨ ਲਈ ਜੋ ਫੈਸਲਾ ਲਿਆ ਹੋਇਆ ਹੈ, ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀਂ ਹੀ ਥੋੜ੍ਹੀ ਹੈ। ਭਾਰਤੀ ਮੀਡੀਆ ਹੁਣ ਦੇਸ਼ ਦੀ ਸਰਕਾਰ ਚਲਾਉਣ ਲਈ ਅਤੇ ਮਾਣਯੋਗ ਅਦਾਲਤਾਂ ਦੇ ਜੱਜਾਂ ਤੋਂ ਉਪਰ ਉਠ ਕੇ ਜੋ ਫੈਸਲੇ ਸੁਣਾ ਰਿਹਾ ਹੈ, ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਉੱਜਲ ਭਵਿੱਖ ਲਈ ਸ਼ੁਭ ਸੰਕੇਤ ਹੈ। 

-ਸੁਖਦੇਵ ਸਲੇਮਪੁਰੀ

09780620233

13 ਸਤੰਬਰ, 2020