You are here

ਰੋਸ ਮੁਜ਼ਾਹਰਾ ਕਰ ਕੇ ਮਨਾਇਆ ਸਥਾਪਨਾ ਦਿਵਸ

ਅੰਮਿ੍ਤਸਰ, ਸਤੰਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)-ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਥਾਪਨਾ ਦਿਵਸ ਮਨਾਇਆ। ਇਸ ਦੌਰਾਨ ਫੈੱਡਰੇਸ਼ਨ ਆਗੂਆਂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ੰਥ ਸਾਹਿਬ ਭਵਨ ਵਿਚ ਅੱਗ ਲੱਗਣ ਕਾਰਨ ਹੋਈ ਬੇਅਦਬੀ ਦੀ ਘਟਨਾ 'ਤੇ ਪਰਦਾ ਪਾਇਆ ਜਾ ਰਿਹਾ ਹੈ। ਫੈੱਡਰੇਸ਼ਨ ਵੱਲੋਂ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ 'ਚ ਸਚਾਈ ਤੋਂ ਤਿੰਨ ਵਾਰ ਯੂ-ਟਰਨ ਲੈ ਕੇ ਦਬਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਗਜ਼ੈਕੇਟਿਵ ਕਮੇਟੀ ਮੈਂਬਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਕਰ ਕੇ ਆਪਣਾ ਸਥਾਪਨਾ ਦਿਵਸ ਰੋਸ ਦਿਵਸ ਵਜੋਂ ਮਨਾਇਆ।

ਇਸ ਮੌਕੇ ਫੈੱਡਰੇਸ਼ਨ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਨੇ 328 ਪਾਵਨ ਸਰੂਪਾਂ ਦੀ ਪੂਰੀ ਨਿਰਪੱਖ ਫੈਸਲਾਕੁੰਨ ਜਾਂਚ ਕਰਵਾਉਣ ਅਤੇ ਸਜ਼ਾਵਾਂ ਦੇਣ ਦੀ ਗੱਲ ਕਹੀ ਸੀ ਪਰ 2016 ਅੰਤਿ੍ੰਗ ਕਮੇਟੀ ਨੂੰ ਬਿਲਕੁਲ ਬਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 18 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਪਸ਼ਚਾਤਾਪ ਸਮਾਗਮ ਕੀਤਾ ਜਾ ਰਿਹਾ ਹੈ, ਇਹ ਅਸਲ ਵਿਚ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਪੜਤਾਲ ਨੂੰ ਸਿਰਿਓਂ ਰੱਦ ਕਰਨ ਦੀ ਕਾਰਵਾਈ ਹੈ। ਉਨ੍ਹਾਂ ਪੁੱਿਛਆ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਨਿਰਦੋਸ਼ ਸਨ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਇਨ੍ਹਾਂ ਨੂੰ ਸਸਪੈਂਡ ਤੇ ਡਿਸਮਿਸ ਕਿਉਂ ਕੀਤਾ, ਡਾ. ਰੂਪ ਸਿੰਘ ਕੋਲੋਂ ਅਸਤੀਫਾ ਕਿਉਂ ਲਿਆ। ਫੈੱਡਰੇਸ਼ਨ ਵੱਲੋਂ ਵਿਰਾਸਤੀ ਮਾਰਗ 'ਤੇ ਵੀ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਹਰਸ਼ਰਨ ਸਿੰਘ ਭਾਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ, ਜਗਦੀਸ਼ ਸਿੰਘ ਵਡਾਲਾ, ਦਵਿੰਦਰ ਸਿੰਘ ਸਚਦੇਵਾ, ਬੀਬੀ ਕਮਲਜੀਤ ਕੌਰ ਕੁਕੱੜਾਂ, ਲਖਬੀਰ ਸਿੰਘ ਖਾਲਸਾ ਟਾਂਡਾ, ਪ੍ਰਰੀਥੀਪਾਲ ਸਿੰਘ ਜੋਸ਼, ਕੁਲਦੀਪ ਸਿੰਘ ਮਜੀਠਾ, ਰਵਿੰਦਰ ਸਿੰਘ ਮਜੀਠਾ, ਪਰਗਟ ਸਿੰਘ ਚੁਗਾਵਾਂ, ਸਵਰਨਜੀਤ ਸਿੰਘ ਕੁਰਾਲੀਆ, ਬੀਬੀ ਮਹਿੰਦਰ ਕੌਰ ਤੇ ਅਰਪਿੰਦਰ ਸਿੰਘ ਆਦਿ ਮੌਜੂਦ ਸਨ। 

 ਫੈੱਡਰੇਸ਼ਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਰੋਸ ਮੁਜ਼ਾਹਰਾ ਫੈੱਡਰੇਸ਼ਨ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੇਗੀ, ਜਦੋਂ ਤਕ ਕਿ 328 ਪਾਵਨ ਸਰੂਪਾਂ ਦਾ ਪਤਾ ਨਹੀਂ ਲੱਗਦਾ ਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ। ਇਸ ਮੌਕੇ ਪੰਥ, ਪੰਜਾਬ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ ਚੜ੍ਹਦੀ ਕਲਾ ਅਤੇ 328 ਪਾਵਨ ਸਰੂਪ ਲੱਭਣ, ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼ਾਂਤਮਈ ਸੰਘਰਸ਼ ਸ਼ੁਰੂ ਕਰਨ ਅਤੇ ਪੂਰੇ ਸੰਸਾਰ ਨੂੰ ਕੋਰੋਨਾ ਮਹਾਮਾਰੀ ਤੋਂ ਨਿਜ਼ਾਤ ਦਿਵਾਉਣ ਦੀ ਅਰਦਾਸ ਅਕਾਲ ਪੁਰਖ ਅੱਗੇ ਕੀਤੀ ਗਈ।