ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ਕਮੀਆਂ ਕਾਰਨ ‘ਡਿਫੈਕਟਿਡ ਲਿਸਟ’ ਵਿੱਚ ਪਾਈ

ਨਵੀ ਦਿੱਲੀ, ਸਤੰਬਰ 2020 -(ਏਜੰਸੀ)- ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਅੱਜ ਉਸ ਸਮੇਂ ਹੋਰ ਜ਼ਿਆਦਾ ਵਧ ਗਈਆਂ ਜਦ ਸੁਪਰੀਮ ਕੋਰਟ ਨੇ ਉਨ੍ਹਾਂ (ਸੈਣੀ) ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ‘ਡਿਫੈਕਟਿਡ ਲਿਸਟ’ ਵਿੱਚ ਪਾ ਦਿੱਤਾ। ਇਸ ਸਬੰਧੀ ਸੈਣੀ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਕੇ ਨਵੇਂ ਸਿਰਿਓਂ ਜ਼ਮਾਨਤ ਅਰਜ਼ੀ ਦਾਇਰ ਕਰਨ ਲਈ ਕਿਹਾ ਗਿਆ ਹੈ। ਦੱਸਿਆ ਗਿਆ ਹੈ ਕਿ ਸਾਬਕਾ ਪੁਲੀਸ ਅਧਿਕਾਰੀ ਦੀ ਅਗਾਊਂ ਜ਼ਮਾਨਤ ਅਰਜ਼ੀ ਨਾਲ ਸੈਣੀ ਵੱਲੋਂ ਨੱਥੀ ਕੀਤਾ ਹਲਫ਼ਨਾਮਾ ਕਿਸੇ ਸਮਰੱਥ ਅਧਿਕਾਰੀ ਕੋਲੋਂ ਤਸਦੀਕਸ਼ੁਦਾ ਨਹੀਂ ਹੈ। ਇਸ ਤੋਂ ਇਲਾਵਾ ਪਟੀਸ਼ਨ ਵਿੱਚ ਹੋਰ ਵੀ ਕਈ ਊਣਤਾਈਆਂ/ਤਰੁੱਟੀਆਂ ਹਨ। ਭਲਕੇ ਅਦਾਲਤਾਂ ਵਿੱਚ ਛੁੱਟੀ ਹੈ ਅਤੇ ਅਗਲੇ ਦਿਨ ਐਤਵਾਰ ਨੂੰ ਵੀ ਅਦਾਲਤਾਂ ਬੰਦ ਰਹਿੰਦੀਆਂ ਹਨ। ਇਸ ਤਰ੍ਹਾਂ ਸੈਣੀ ਵੱਲੋਂ ਦਾਇਰ ਹਲਫ਼ਨਾਮਾ ਤਸਦੀਕ ਕਰਨ ਅਤੇ ਪਟੀਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਨੂੰ ਕੁੱਝ ਹੋਰ ਸਮਾਂ ਲੱਗ ਸਕਦਾ ਹੈ। ਜਿਸ ਕਾਰਨ ਸੈਣੀ ਦੀ ਪਟੀਸ਼ਨ ’ਤੇ ਸੁਣਵਾਈ ਟਲ ਸਕਦੀ ਹੈ।