ਇੰਗਲੈਂਡ ਚ ਚਾਕੂਬਾਜ਼ੀ ਦੀਆਂ ਘਟਨਾਵਾਂ ’ਚ ਇੱਕ ਹਲਾਕ, 7 ਜ਼ਖ਼ਮੀ

 ਬਰਮਿੰਘਮ, ਸਤੰਬਰ 2020 -(ਗਿਆਨੀ ਰਵਿਦਰਪਾਲ ਸਿੰਘ)- ਇੰਗਲੈਂਡ ਦੇ ਬਰਮਿੰਘਮ ਸ਼ਹਿਰ ’ਚ ਇੱਕੋ ਰਾਤ ਦੌਰਾਨ ਵਾਪਰੀਆਂ ਚਾਕੂਬਾਜ਼ੀ ਦੀਆਂ ਕਈ ਘਟਨਾਵਾਂ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਸੱਤ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਘਟਨਾ ਦੀ ਜਾਂਚ ’ਚ ਜੁਟੀ ਪੁਲੀਸ ਨੇ ਇਸ ਨੂੰ ‘ਵੱਡੀ ਘਟਨਾ’ ਕਰਾਰ ਦਿੱਤਾ ਹੈ। ਵੈਸਟ ਮਿੱਡਲੈਂਡਜ਼ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਚਾਕੂਬਾਜ਼ੀ ਦੀਆਂ ਇਨ੍ਹਾਂ ਘਟਨਾਵਾਂ ਦੇ ਪਿਛਲੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਅਤੇ ਉਹ ਸਾਰੇ ਤੱਥ ਪਤਾ ਕਰਨ ’ਚ ਜੁਟੀ ਹੋਈ ਹੈ। ਉਨ੍ਹਾਂ ਇਨ੍ਹਾਂ ਘਟਨਾਵਾਂ ਦਾ ਸਬੰਧ ਅਤਿਵਾਦੀਆਂ ਜਾਂ ਕਿਸੇ ਗਰੋਹ ਨਾਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਨੇ ਸ਼ੱਕੀ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਬਰਮਿੰਘਮ ਦੀ ਕਾਂਸਟੀਚਿਊਸ਼ਨ ਹਿੱਲ ਤੋਂ ਘਟਨਾ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਮੁੱਖ ਸੁਪਰਡੈਂਟ ਸਟੀਵ ਗ੍ਰਾਹਮ ਨੇ ਇਨ੍ਹਾਂ ਘਟਨਾਵਾਂ ਨੂੰ ਦੁਖਦਾਈ ਤੇ ਭਿਆਨਕ ਦੱਸਿਆ। ਸਿਟੀ ਸੈਂਟਰ ’ਚ ਅੱਧੀ ਰਾਤ ਨੂੰ ਚਾਕੂਬਾਜ਼ੀ ਦੀ ਇੱਕ ਘਟਨਾ ਤੋਂ ਬਾਅਦ ਪੁਲੀਸ ਨੂੰ ਸੱਦਿਆ ਗਿਆ ਸੀ। ਪੁਲੀਸ ਦੇ ਇੱਕ ਬਿਆਨ ’ਚ ਕਿਹਾ ਗਿਆ ਹੈ, ‘ਉਸ ਤੋਂ ਤੁਰੰਤ ਬਾਅਦ ਚਾਕੂਬਾਜ਼ੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ।’ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਨੂੰ ਇੱਕ ਵੱਡੀ ਘਟਨਾ ਐਲਾਨਿਆ ਗਿਆ ਹੈ। ਘਟਨਾ ਬਾਰੇ ਜਾਂਚ ਚੱਲ ਰਹੀ ਹੈ। ਉਹ ਕਿਸੇ ਗੱਲ ਦੀ ਪੁਸ਼ਟੀ ਕਰ ਸਕਣ, ਉਸ ਤੋਂ ਪਹਿਲਾਂ ਕੁਝ ਸਮਾਂ ਲੱਗ ਸਕਦਾ ਹੈ। ਇਸ ਸ਼ੁਰੂਆਤੀ ਗੇੜ ’ਚ ਘਟਨਾ ਦੇ ਕਾਰਨਾਂ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। ਪੁਲੀਸ ਨੇ ਸ਼ਹਿਰ ਦੇ ਹਾਰਟ ਸਟ੍ਰੀਟ ਚੌਕ ਅਤੇ ਬਰੂਮਸਗਰੋਵ ਸਟ੍ਰੀਟ ਨੂੰ ਘੇਰ ਲਿਆ ਹੈ। ਹੰਗਾਮੀ ਸੇਵਾਵਾਂ ਵੀ ਸਰਗਰਮ ਕਰ ਦਿੱਤੀਆਂ ਗਈਆਂ ਹਨ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੈਸਟ ਮਿਡਲੈਂਡਜ਼ ਪੁਲੀਸ ਤੇ ਅਪਰਾਧ ਕਮਿਸ਼ਨਰ ਡੇਵਿਡ ਜੈਮੀਸਨ ਨੇ ਕਿਹਾ ਕਿ ਉਹ ਘਟਨਾਵਾਂ ’ਤੇ ਦੁਖ ਜ਼ਾਹਿਰ ਕਰਦੇ ਹਨ ਤੇ ਉਨ੍ਹਾਂ ਨੂੰ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ।