ਡਿਪਟੀ ਕਮਿਸ਼ਨਰ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਪੈਸ਼ਲ ਪੋਸਟਰ ਜਾਰੀ

 ਅਧਿਆਪਕ ਇੱਕ ਲਾਈਟ ਹਾਊਸ ਦੀ ਤਰ੍ਹਾਂ ਹੁੰਦਾ ਹੈ, ਸਾਨੂੰ ਸਤਿਕਾਰ ਦੇਣਾ ਚਾਹੀਦਾ ਹੈ - ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ, ਸਤੰਬਰ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਅਧਿਆਪਕ ਦਿਵਸ ਦੀ ਮਹੱਤਤਾ ਨੂੰ ਹੋਰ ਉਜਾਗਰ ਕਰਨ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਡੀ.ਸੀ. ਕੈਂਪ ਦਫਤਰ ਵਿਖੇ  ਸ਼ਹਿਰ ਦੇ ਪ੍ਰਸਿੱਧ ਵਕੀਲ ਹਰਪ੍ਰੀਤ ਸੰਧੂ ਵੱਲੋਂ ਤਿਆਰ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਪੋਸਟਰ ਲਾਂਚ ਕੀਤਾ।  ਪੋਸਟਰ ਲਾਂਚ ਕਰਦਿਆਂ ਸ਼ਰਮਾ ਨੇ ਕਿਹਾ ਕਿ “ਅਧਿਆਪਕ ਇੱਕ ਲਾਈਟ ਹਾਊਸ ਦੀ ਤਰ੍ਹਾਂ ਹੁੰਦਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਅਤੇ ਚੰਗੇ ਸੰਸਕਾਰ ਭਰਨ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਸਾਨੂੰ ਇੱਕ ਅਧਿਆਪਕ ਵੱਲੋਂ ਪਾਏ ਯੋਗਦਾਨ ਨੂੰ ਸਤਿਕਾਰ ਦੇਣਾ ਚਾਹੀਦਾ ਹੈ।"ਉਨ੍ਹਾਂ ਕਿਹਾ ਕਿ ਸਾਨੂੰ ਅਧਿਆਪਕ ਦਿਵਸ ਮਨਾਉਣ ਦੀ ਜ਼ਰੂਰਤ ਹੈ ਕਿਉਂਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ  ਹਨ ਅਤੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਦੇ ਰਾਹ ਵੱਲ ਨਹੀਂ ਤੁਰ ਸਕਦਾ, ਜਿਵੇਂ ਕਿ ਇਹ ਸਹੀ ਕਿਹਾ ਗਿਆ ਹੈ, “ਇੱਕ ਅਧਿਆਪਕ ਮੋਮਬੱਤੀ ਵਾਂਗ ਹੁੰਦਾ ਹੈ ਜੋ ਕਿ ਦੂਜਿਆਂ ਲਈ ਰਸਤਾ ਰੋਸ਼ਨ ਕਰਨ ਲਈ ਆਪ ਨੂੰ ਜਲਾਉਂਦਾ ਹੈ । ਇਸ ਲਈ ਇਸ ਵਿਸ਼ੇਸ਼ ਦਿਨ 'ਤੇ ਅਧਿਆਪਕਾਂ ਦੇ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅਧਿਆਪਕ ਦਿਵਸ ਮੌਕੇ ਇਸ ਚੰਗੇ ਕੰਮ ਦੀ ਸ਼ੁਰੂਆਤ ਕਰਨ ਲਈ ਵਕੀਲ ਹਰਪ੍ਰੀਤ ਸੰਧੂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ।