You are here

ਫਿਲਮ ਸ਼ਹੀਦ ਦਾ ਪਿੰਡ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਪਾਲੀ ਵਜੀਦਕੇ ਆਪਣੀ ਨਵੀ ਫਿਲਮ ਸ਼ਹੀਦ ਦਾ ਪਿੰਡ ਨੂੰ ਲੈ ਕੇ ਚਰਚਾ 'ਚ

ਮਹਿਲ ਕਲਾਂ/ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)-ਲੇਖਕ ਤੇ ਅਦਾਕਾਰ ਹਰਪਾਲ ਪਾਲੀ ਵਜੀਦਕੇ ਆਪਣੀ ਦਸਤਾਵੇਜ਼ੀ ਫਿਲਮ ਸ਼ਹੀਦ ਦਾ ਪਿੰਡ ਨੂੰ ਲੈ ਕੇ ਚਰਚਾ 'ਚ ਹੈ। ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਜੀਵਨ ਤੇ ਆਧਾਰਿਤ ਫਿਲਮ ਸ਼ਹੀਦ ਦਾ ਪਿੰਡ ਨੂੰ ਦਰਸ਼ਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ। ਦੇਸ ਪ੍ਰਦੇਸ ਨਾਲ ਗੱਲਬਾਤ ਕਰਦਿਆਂ ਫਿਲਮ ਦੇ ਨਿਰਮਾਤਾ 'ਤੇ ਅਦਾਕਾਰ ਹਰਪਾਲ ਪਾਲੀ ਵਜੀਦਕੇ ਨੇ ਦੱਸਿਆ ਕਿ ਸ਼ਹੀਦ ਦਾ ਪਿੰਡ ਫਿਲਮ ਸਤਿਕਰਤਾਰ ਯੂ ਟਿਊਬ ਚੈਨਲ ਵੱਲੋਂ ਰੀਲੀਜ ਕੀਤਾ ਗਿਆ ਹੈ। ਇਸ ਫਿਲਮ 'ਚ ਅਵਾਜ਼ ਪੰਥ ਦੀ ਮਹਾਨ ਹਸਤੀ ਰਾਗੀ ਅਮਨਦੀਪ ਕੌਰ ਖਾਲਸਾ (ਮਜੀਠਾ ਵਾਲੇ) 'ਤੇ ਗੀਤਕਾਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਦਿੱਤੀ ਗਈ ਹੈ। ਇਸ ਫਿਲਮ ਨੂੰ ਹੋਰ ਸੋਹਣਾ ਬਣਾਉਣ ਲਈ ਫਿਲਮ ਨੂੰ ਕਹਾਣੀ ਰੂਪ ਦਿੱਤਾ ਗਿਆ ਹੈ ਤਾਂ ਜੋ ਦਰਸ਼ਕ ਉਤਸ਼ਾਹ ਨਾਲ ਦੇਖਣ। ਉਹਨਾਂ ਦੱਸਿਆ ਕਿ ਜਿੱਥੇ ਇਸ ਫਿਲਮ 'ਚ ਬਲਜੀਤ ਸਿੰਘ ਬਬਲੂ, ਗੁਲਾਬ ਸਿੰਘ, ਜੱਗਾ ਸਿੰਘ ਛਾਪਾ, ਲੱਕੀ ਲੋਹਗੜ, ਗੁਰਸੇਵਕ ਸਿੰਘ ਸਹੋਤਾ ਅਤੇ ਮਿੱਠੀ ਵਜੀਦਕੇ ਵੱਲੋਂ ਕਿਰਦਾਰ ਨਿਭਾਇਆ ਗਿਆ ਹੈ, ਉੱਥੇ ਮਹਾਨ ਲਿਖਾਰੀ ਪ੍ਰੀਸੀਪਲ ਸਰਵਣ ਸਿੰਘ ਔਜਲਾ, ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਸਰਪੰਚ ਕਰਮ ਸਿੰਘ ਬਾਜਵਾ ਅਤੇ ਮਾਤਾ ਦਲੀਪ ਕੌਰ ਵੱਲੋਂ ਇਤਿਹਾਸ 'ਤੇ ਵਜੀਦਕੇ ਖੁਰਦ ਦੇ ਪੁਰਾਤਨ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਫਿਲਮ ਨੂੰ ਵੀਡੀਓ ਡਾਇਰੈਕਟਰ ਜਸਵੀਰ ਵਜੀਦਕੇ ਨੇ ਵੱਖ ਵੱਖ ਲੁਕੇਸਨਾਂ 'ਤੇ ਸੂਟ ਕੀਤਾ ਹੈ। ਉਹਨਾਂ ਕਿਹਾ ਕਿ ਦੇਸ ਨੂੰ ਆਜ਼ਾਦ ਕਰਾਉਣ ਲਈ ਚੱਲੀ ਗਦਰ ਲਹਿਰ 'ਚ ਅਹਿਮ ਭੂਮਿਕਾ ਨਿਭਾ ਕੇ ਫਾਸੀ ਦਾ ਰੱਸਾ ਚੁੰਮਣ ਵਾਲੇ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦਾ ਪਿੰਡ ਸਰਕਾਰਾਂ ਵੱਲੋਂ ਅਣਗੋਲਾ ਕੀਤਾ ਗਿਆ ਹੈ। ਸਰਕਾਰਾਂ ਦਾ ਧਿਆਨ ਪਿੰਡ ਵਜੀਦਕੇ ਖੁਰਦ ਵੱਲ ਲਿਆਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਫਿਲਮ ਨਾਲ ਜਿੱਥੇ ਅੱਜ ਦੀ ਪੀੜੀ ਸ਼ਹੀਦ ਰਹਿਮਤ ਅਲੀ ਦੀ ਵਡਮੁੱਲੀ ਕੁਰਬਾਨੀ ਤੋਂ ਜਾਣੂ ਹੋਵੇਗੀ ਉੱਥੇ ਦੇਸ ਵਾਸੀ ਵੀ ਸਹੀਦ ਨੂੰ ਜਾਣ ਸਕਣਗੇ। ਪਾਲੀ ਵਜੀਦਕੇ ਨੇ ਦੱਸਿਆ ਕਿ ਅਗਲੇ ਪ੍ਰਾਜੈਕਟ ਜਲਦ ਦਰਸ਼ਕਾਂ ਦੀ ਕਚਹਿਰੀ 'ਚ ਲੈ ਕੇ ਆ ਰਹੇ ਹਨ। ਅਖੀਰ ਉਹਨਾਂ ਫਿਲਮ ਸ਼ਹੀਦ ਦਾ ਪਿੰਡ ਬਣਾਉਣ ਲਈ ਸਹਿਯੋਗ ਕਰਨ ਵਾਲੇ ਦੋਸਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਤਿਕਰਤਾਰ ਯੂ ਟਿਊਬ ਚੈਨਲ ਦੀ ਫਿਲਮ ਸਹੀਦ ਦਾ ਪਿੰਡ ਨੂੰ ਦੇਖਣ ਤੇ ਸ਼ੇਅਰ ਕਰਕੇ ਆਪਣੀ ਰਾਇ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ।