ਥਾਣਾ ਮੁਖੀ ਘਨੌਰ ਅਤੇ ਕਾਂਸਟੇਬਲ ਵਿਰੁੱਧ ਆਪਣੇ ਹੀ ਥਾਣੇ 'ਚ ਮੁਕੱਦਮਾ ਦਰਜ

ਘਨੌਰ,ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਬੀਤੇ ਦਿਨੀਂ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਸੈਂਕੜੇ ਮੌਤਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ 'ਚ ਸਖ਼ਤਾਈ ਵਧਾ ਦਿੱਤੀ ਗਈ ਹੈ ਪਰ ਹਰਿਆਣਾ ਪੰਜਾਬ-ਸਰਹੱਦ 'ਤੇ ਵਸੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਨੂੰ ਸ਼ਰਾਬ ਤਸਕਰਾਂ ਦੇ ਪੰਜਾਬ 'ਚ ਦਾਖਲ ਹੋਣ ਲਈ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਇੱਥੇ ਲੱਗੇ ਨਾਕਿਆਂ ਤੋਂ ਤਸਕਰ ਪੁਲਸ ਅਧਿਕਾਰੀਆਂ ਨੂੰ ਕਥਿਤ ਮੋਟੀ ਰਿਸ਼ਵਤ ਦੇ ਕੇ ਪੰਜਾਬ 'ਚ ਦਾਖ਼ਲ ਹੋ ਜਾਣ 'ਚ ਸਫਲ ਹੋ ਜਾਂਦੇ ਹਨ। ਇਸ ਭ੍ਰਿਸ਼ਟਾਚਾਰੀ ਦੇ ਚੱਲਦਿਆਂ ਜਸਵਿੰਦਰ ਸਿੰਘ ਡੀ. ਐੱਸ. ਪੀ. ਘਨੌਰ ਅਤੇ ਪੰਜਾਬ ਪੁਲਸ ਦੇ ਹੋਰ ਵੱਡੇ ਅਫ਼ਸਰਾਂ ਨੇ ਸਖ਼ਤ ਕਾਰਵਾਈ ਕਰਦਿਆਂ ਥਾਣਾ ਘਨੌਰ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਅਤੇ ਕਾਂਸਟੇਬਲ ਬਲਵਿੰਦਰ ਸਿੰਘ ਵਿਰੁੱਧ 409, 213, 120 ਆਈ. ਪੀ. ਸੀ. ਸੈਕਸ਼ਨ 7, 13(2) ਅਤੇ ਭ੍ਰਿਸ਼ਟਾਚਾਰੀ ਵਿਰੁੱਧ ਬਣਾਏ ਐਕਟ 1988 ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਮੁਲੇਪਰ ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਵਿਖੇ 2 ਵਿਅਕਤੀਆਂ ਨੂੰ ਜਾਅਲੀ ਸ਼ਰਾਬ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਸ਼ਰਾਬ ਸਮੇਤ ਕਾਬੂ ਕੀਤੇ ਵਿਅਕਤੀਆਂ ਨੇ ਦੋਸ਼ ਕਬੂਲਿਆ ਹੈ ਕਿ ਜਦੋਂ ਉਹ 32 ਪੇਟੀਆਂ ਸ਼ਰਾਬ ਸਮੇਤ ਥਾਣਾ ਘਨੌਰ ਦੇ ਇਲਾਕੇ 'ਚੋਂ ਲੰਘ ਰਹੇ ਸੀ ਤਾਂ ਘਨੌਰ ਥਾਣੇ ਦੇ ਹੌਲਦਾਰ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ 32 ਸ਼ਰਾਬ ਦੀਆਂ ਪੇਟੀਆਂ ਆਪਣੀ ਗੱਡੀ 'ਚ ਰੱਖ ਲਈਆਂ ਤੇ ਦੋਸ਼ੀਆਂ ਕੋਲੋਂ 50,000 ਰੁਪਏ ਕੇਸ ਰਫ਼ਾ-ਦਫ਼ਾ ਕਰਨ ਲਈ ਮੰਗ ਕੀਤੀ। ਦਰਜ ਮੁਕੱਦਮੇ ਮੁਤਾਬਕ 9,500 ਰੁਪਏ ਹੌਲਦਾਰ ਬਲਵਿੰਦਰ ਸਿੰਘ ਨੂੰ ਮੌਕੇ 'ਤੇ ਦੇ ਦਿੱਤੇ ਅਤੇ ਬਾਕੀ ਫੇਰ ਦੇਣ ਦਾ ਵਾਅਦਾ ਕੀਤਾ। ਉਪਰੰਤ ਹੌਲਦਾਰ ਬਲਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 9,500 ਰੁਪਏ ਲੈ ਕੇ ਐੱਸ. ਆਈ. ਸੁਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਘਨੌਰ ਨੂੰ ਦਿੱਤੇ ਸਨ, ਜਿਸ ਤਹਿਤ ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਨੇ ਇਨ੍ਹਾਂ ਬਿਆਨਾਂ 'ਤੇ ਥਾਣਾ ਘਨੌਰ ਵਿਖੇ ਹੀ ਥਾਣਾ ਮੁਖੀ ਅਤੇ ਹੌਲਦਾਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕੇ ਥਾਣਾ ਮੁਖੀ ਇਸ ਮੌਕੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਇਕਾਂਤਵਾਸ ਹਨ।