ਇਕ ਪ੍ਰਿਸ ਕਾਨਫ਼ਰੰਸ ਦੁਰਾਨ ਸਾਬਕਾ ਥਾਣਾ ਮੁਖੀ ਨੇ ਪੁਲੀਸ ਕਪਤਾਨ ਦੀ ਤੁਲਨਾ ਗੁਰੂ ਨਾਨਕ ਨਾਲ ਕੀਤੀ

ਫਾਜ਼ਿਲਕਾ, ਅਗਸਤ 2020 -(ਗੁਰਦੇਵ ਗਾਲਿਬ)- ਬੀਤੀ 19 ਅਗਸਤ ਨੂੰ ਅਮੀਰ ਖਾਸ ਪੁਲੀਸ ਵੱਲੋਂ ਨਾਕੇ ’ਤੇ ਮਾਮੇ-ਭਾਣਜੇ ਦੀ ਕੀਤੀ ਗਈ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਾਬਕਾ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਹਸਪਤਾਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਬੇਅਦਬੀ ਨੂੰ ਲੈ ਕੇ ਆਪਣੇ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਜਿੱਥੇ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਦੀ ਗੱਲ ਕੀਤੀ, ਉੱਥੇ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਪੁਲੀਸ ਕਪਤਾਨ ਨੂੰ ਗੁਰੂ ਨਾਨਕ ਦੇਵ ਦੇ ਸਮਾਨ ਵੀ ਦੱਸ ਦਿੱਤਾ।

ਥਾਣਾ ਅਮੀਰ ਖਾਸ ਦੇ ਅੰਮ੍ਰਿਤਧਾਰੀ ਸਾਬਕਾ ਥਾਣਾ ਮੁਖੀ ਗੁਰਸੇਵਕ ਸਿੰਘ ਵੱਲੋਂ ਆਪਣੇ ਕਪਤਾਨ ਨੂੰ ਗੁਰੂ ਨਾਨਕ ਦੇਵ ਦੇ ਸਮਾਨ ਕਹਿਣ ਦਾ ਮਾਮਲਾ ਗਰਮਾ ਗਿਆ ਹੈ। ਇਸ ਦਾ ਏਕਨੂਰ ਖਾਲਸਾ ਜਥੇਬੰਦੀ ਦੇ ਪ੍ਰਧਾਨ ਗੁਰਚਰਨ ਸਿੰਘ ਗੱਟੀ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਵਰਗਾ ਜੱਗ ’ਤੇ ਕੋਈ ਨਹੀਂ ਹੋ ਸਕਦਾ। ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਾਬਕਾ ਪੁਲੀਸ ਅਧਿਕਾਰੀ ਗੁਰਸੇਵਕ ਸਿੰਘ ਆਪਣੀ ਇਸ ਗਲਤੀ ਦੀ ਮੁਆਫੀ ਮੰਗੇ ਨਹੀਂ ਤਾਂ ਸਿੱਖ ਜਥੇਬੰਦੀਆਂ ਊਸ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।

ਥਾਣਾ ਅਮੀਰ ਖ਼ਾਸ ਦੇ ਸਾਬਕਾ ਐੱਸਐੱਚਓ ਗੁਰਸੇਵਕ ਸਿੰਘ ਨੇ ਕਿਹਾ ਕਿ ਉਸ ਨੇ ਪੁਲੀਸ ਕਪਤਾਨ ਨੂੰ ਇੱਕ ਚੰਗਾ ਇਨਸਾਨ ਹੋਣ ਨਾਤੇ ਇਹ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇ ਸਿੱਖ ਸੰਗਤ ਨੂੰ ਇਹ ਗੱਲ ਗਲਤ ਲੱਗੀ ਹੈ ਤਾਂ ਉਹ ਪੂਰੇ ਸਿੱਖ ਜਗਤ ਤੋਂ ਮੁਆਫੀ ਮੰਗਦੇ ਹਨ।