ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਵਾਲੇ ਗੁਰਮੀਤ ਸਿੰਘ ਦਾ ਪਰਿਵਾਰ ਅਣਜਾਣ ਹੈ ਰੈਫਰੈਂਡਮ 2020 ਤੋਂ 

 

ਪੱਟੀ, ਅਗਸਤ 2020 -(ਜਨ ਸਕਤੀ ਬਿਉਰੋ) ਗੁਰਸਿੱਖ ਨੌਜਵਾਨ ਗੁਰਮੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਲੰਘੇ ਦਿਨ ਖਾਲਿਸਤਾਨ ਦੀ ਚੜ੍ਹਦੀ ਕਲਾ ਤੇ ਰੈਫਰੈਂਡਮ 2020 ਲਈ ਅਰਦਾਸ ਕੀਤੀ, ਪਰ ਉਸ ਦੇ ਪਰਿਵਾਰ ਨੇ ਇਨ੍ਹਾਂ ਦੋਵਾਂ ਮੁੱਦਿਆਂ ਤੋਂ ਪੂਰੀ ਤਰ੍ਹਾਂ ਅਣਜਾਣ ਹੋਣ ਦਾ ਦਾਅਵਾ ਕੀਤਾ ਹੈ। ਅਰਦਾਸ ਕਰਨ ਵਾਲੇ ਨੌਜਵਾਨ ਨੂੰ ਜਾਂਚ ਏਜੰਸੀਆਂ ਵੱਲੋਂ ਗ੍ਰਿਫਤਾਰ ਕਰਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਪਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਦੀ ਸੂਚਨਾ ਪਿੰਡ ਦੇ ਸਰਪੰਚ ਵੱਲੋਂ ਬੀਤੀ ਰਾਤ 9 ਵਜੇ ਦਿੱਤੀ ਗਈ ਸੀ।ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਤੌਰ ’ਤੇ ਨਹੀਂ ਸਗੋਂ ਮੀਡੀਆ ਰਾਹੀਂ ਗੁਰਮੀਤ ਸਿੰਘ ਦੇ ਅਰਦਾਸ ਕਰਨ ਦੀ ਸੂਚਨਾ ਮਿਲੀ ਸੀ, ਜਿਸ ਬਾਬਤ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸੀ। ਅਰਦਾਸ ਕਰਨ ਵਾਲਾ ਨੌਜਵਾਨ ਗੁਰਮੀਤ ਸਿੰਘ ਪੁੱਤਰ ਲਛਮਣ ਸਿੰਘ ਦਾ ਪੂਰਾ ਪਰਿਵਾਰ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੰਦਰ ਪਿਛਲੇ 20 ਸਾਲਾਂ ਤੋਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਿਹਾ ਹੈ। ਇਹ ਇਕ ਘਰੇਲੂ ਸਧਾਰਨ ਪਰਿਵਾਰ ਹੈ। ਗੁਰਮੀਤ ਸਿੰਘ (26) ਦੇ ਪਿਤਾ ਲਛਮਣ ਸਿੰਘ ਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਮੀਤ ਸਿੰਘ ਦਾ 22 ਅਗਸਤ ਦੀ ਸ਼ਾਮ ਪੰਜ ਵਜੇ ਦੇ ਕਰੀਬ ਫੋਨ ਆਇਆ ਸੀ, ਪਰ ਉਸ ਤੋਂ ਬਾਅਦ ਮੋਬਾਈਲ ਫੋਨ ਬੰਦ ਹੋ ਗਿਆ। ਬੀਤੀ ਰਾਤ ਤੋਂ ਪੂਰਾ ਪਰਿਵਾਰ ਚਿੰਤਤ ਹੈ। ਪਰਿਵਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਕਰੀਬ ਅੱਠ ਨੌ ਮਹੀਨੇ ਪਹਿਲਾਂ ਕਰਤਾਰਪੁਰ ਨਜ਼ਦੀਕ ਕਿਸੇ ਪਿੰਡ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾਉਣ ਗਿਆ ਸੀ। ਉਹ ਮਹੀਨੇ ਬਾਅਦ ਘਰ ਵਾਪਸ ਆਉਦਾ ਸੀ ਤੇ ਹੁਣ ਵੀ ਗੁਰਮੀਤ ਸਿੰਘ ਇੱਕ ਮਹੀਨਾ ਪਹਿਲਾਂ ਘਰ ਆਇਆ ਸੀ। ਪਰਿਵਾਰ ਨੂੰ ਹਾਲਾਂਕਿ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪੁੱਤ ਕਿਸ ਪਿੰਡ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ। ਪਰਿਵਾਰ ਨੇ ਸਿੱਖ ਫਾਰ ਜਸਟਿਸ ਵੱਲੋਂ ਰਿਫਰੈਂਡਮ 2020 ਅਤੇ ਖਾਲਿਸਤਾਨੀ ਲਹਿਰਾਂ ਅੰਦਰ ਗੁਰਮੀਤ ਸਿੰਘ ਦੀ ਸ਼ਮੂਲੀਅਤ ਬਾਰੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਗੁਰਸਿੱਖ ਹੈ ਅਤੇ ਗੁਰੂ ਘਰ ਨੂੰ ਸਮਰਪਿਤ ਹੈ। ਪਰਿਵਾਰ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਗੁਰਮੀਤ ਸਿੰਘ ਦੀ ਸੂਚਨਾ ਦਿੱਤੀ ਜਾਵੇ ਤੇ ਉਹਦੀ ਘਰ ਵਾਪਸੀ ਯਕੀਨੀ ਬਣਾਈ ਜਾਵੇ।