ਵਾਤਾਵਰਣ ਪੱਖੀ ਹੋਵੇਗਾ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ-ਭਾਰਤ ਭੂਸ਼ਣ ਆਸ਼ੂ

ਕਿਹਾ! ਪ੍ਰੋਜੈਕਟ ਦੀਆਂ ਸਾਰੀਆਂ ਲਾਈਟਾਂ ਹੋਰ ਸੋਲਰ ਊਰਜਾ ਯੁਕਤ

ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਅਤੇ ਹਦਾਇਤਾਂ ਜਾਰੀ

ਕਿਹਾ! ਇਸ ਪ੍ਰੋਜੈਕਟ ਨੂੰ ਸ਼ਹਿਰਵਾਸੀਆਂ ਲਈ ਪਿਕਨਿਕ ਸਪਾਟ ਵਜੋਂ ਵਿਕਸਤ ਕਰਨ ਦੀ ਯੋਜਨਾ

ਲੁਧਿਆਣਾ , ਜੂਨ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)--ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਅਤੇ ਵਾਤਾਵਰਣ ਨੂੰ ਬਚਾਉਣ ਤਹਿਤ ਸ਼ਹਿਰ ਵਿੱਚ ਵਿਕਸਤ ਕੀਤਾ ਜਾਣ ਵਾਲਾ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਪੂਰੀ ਤਰਾਂ ਵਾਤਾਵਰਣ ਪੱਖੀ ਤਿਆਰ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਲੱਗਣ ਵਾਲੀਆਂ ਸਾਰੀਆਂ ਲਾਈਟਾਂ ਸੋਲਰ ਊਰਜਾ ਯੁਕਤ ਹੋਣਗੀਆਂ। ਇਸ ਤੋਂ ਇਲਾਵਾ ਪ੍ਰੋਜੈਕਟ ਸਥਾਨ 'ਤੇ ਫਲਾਂ ਅਤੇ ਦਵਾਈਆਂ ਦੀ ਮਹੱਤਤਾ ਵਾਲੇ ਦਰੱਖ਼ਤ ਲਗਾਏ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹ ਅੱਜ ਇਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਉਨਾਂ ਨਾਲ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਿਟਡ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਆਮ ਲੋਕਾਂ ਲਈ ਸੈਰਗਾਹ ਵਜੋਂ ਸਿੱਧਵਾਂ ਨਹਿਰ ਨਾਲ ਲੱਗਦੇ ਪੂਰੇ ਖੇਤਰ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫਤਰ ਤੱਕ ਨੂੰ ਵਿਕਸਤ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਦੀ ਲਾਗਤ 4.75 ਕਰੋੜ ਰੁਪਏ ਹੈ, ਜਦਕਿ ਇਸ ਦੀ ਲੰਬਾਈ 1100 ਮੀਟਰ ਅਤੇ ਚੌੜਾਈ 22-22 ਮੀਟਰ ਹੋਵੇਗੀ। ਇਸ ਪ੍ਰੋਜੈਕਟ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪਿਕਨਿਕ ਸਪਾਟ ਵਜੋਂ ਵਿਕਸਤ ਕੀਤਾ ਜਾਵੇਗਾ।ਉਨਾਂ ਕਿਹਾ ਕਿ 1.15 ਕਿਲੋਮੀਟਰ ਦਾ ਇਹ ਖੇਤਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲੈਂਡਸਕੇਪਿੰਗ ਨਾਲ ਵਿਕਸਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਪਹਿਲੇ ਗੇੜ ਵਿੱਚ ਗਰੀਨ ਬੈੱਲਟ, ਸਾਈਕਲਿੰਗ ਟਰੈਕ, ਖੇਡ ਖੇਤਰ, ਪੈਦਲ ਰਸਤਾ, ਬੈਠਣ ਲਈ ਖੇਤਰ, ਕੰਧ 'ਤੇ ਚੜਨ ਲਈ ਗਤੀਵਿਧੀਆਂ ਆਦਿ ਵਿਕਸਤ ਕੀਤੀਆਂ ਜਾਣਗੀਆਂ। ਦੂਜੇ ਗੇੜ ਵਿੱਚ ਸਿੱਧਵਾਂ ਨਹਿਰ ਦੇ ਨਾਲ-ਨਾਲ ਪੱਖੋਵਾਲ ਸੜਕ ਤੋਂ ਲੈ ਕੇ ਦੁੱਗਰੀ ਤੱਕ ਇਲਾਕਾ ਵਿਕਸਤ ਕੀਤਾ ਜਾਵੇਗਾ। ਉਕਤ ਸੁਵਿਧਾਵਾਂ ਨਹਿਰ ਦੇ ਦੋਵੇਂ ਪਾਸੇ ਵਿਕਸਤ ਕੀਤੀਆਂ ਜਾਣਗੀਆਂ।