ਨਾਨਕਸਰ ਸੰਪਰਦਾਇ ਵੱਲੋਂ ਕੋਰੋਨਾ ਨੂੰ ਲੈ ਕੇ ਹਦਾਇਤਾਂ ਦੀ ਸੰਗਤਾਂ ਨੂੰ ਪਾਲਣਾ ਕਰਨ ਦੀ ਅਪੀਲ

ਜਗਰਾਓਂ (ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ  )ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਸੰਪਰਦਾਇ ਵੱਲੋਂ ਇਸ ਵਾਰ ਗੁਰਦੁਆਰਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮਾਂ 'ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਇਸ ਵਾਰ ਗੁਰਦੁਆਰਾ ਸਾਹਿਬ ਵਿਖੇ ਵੱਡੇ ਇਕੱਠ ਨਾ ਕਰਨ ਦਾ ਫੈਸਲਾ ਕੀਤਾ ਗਿਆ। ਸੰਪਰਦਾਇ ਦੇ ਤਿੰਨੋਂ ਮੁਖੀ ਸੰਤਾਂ, ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ ਅਤੇ ਸੰਤ ਬਾਬਾ ਗੁਰਜੀਤ ਸਿੰਘ ਵੱਲੋਂ ਬਰਸੀ ਸਮਾਗਮਾਂ ਨੂੰ ਲੈ ਕੇ ਹੋਈ ਇਕਤਰਤਾ 'ਚ ਸਰਕਾਰ ਵੱਲੋਂ ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਲੈ ਕੇ ਮੁੜ ਤੋਂ ਦੋ ਦਿਨ ਦੇ ਲਾਕਡਾਊਨ ਅਤੇ ਸਮਾਗਮਾਂ 'ਤੇ ਲਗਾਈਆਂ ਗਈਆਂ ਰੋਕਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਚਰਚਾ ਦੌਰਾਨ ਬਰਸੀ ਸਮਾਗਮਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਦੇ ਨਤਮਸਤਕ ਹੋਣ 'ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ 'ਤੇ ਚਿੰਤਨ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਜਿੱਥੋਂ ਸੰਗਤਾਂ ਨੂੰ ਹਮੇਸ਼ਾ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਅੱਜ ਜਦੋਂ ਕੋਰੋਨਾ ਦੇ ਖ਼ਤਰੇ ਨੇ ਪੂਰੇ ਸੰਸਾਰ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ, ਅਜਿਹੇ ਵਿਚ ਬਰਸੀ ਸਮਾਗਮਾਂ 'ਚ ਇਕੱਠ ਹੋਣਾ ਉਚਿਤ ਨਹੀਂ ਹੈ। ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਨੇ ਸੰਗਤਾਂ ਨੂੰ ਇਕੱਠ ਨਾ ਕਰਨ ਅਤੇ ਬਰਸੀ ਸਮਾਗਮਾਂ ਦੌਰਾਨ ਲੰਗਰ ਤੇ ਛਬੀਲਾਂ ਨਾ ਲਗਾਉਣ ਦੀ ਅਪੀਲ ਕੀਤੀ। ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਦੇਸ਼ ਦੁਨੀਆਂ 'ਚ ਵਸਦੀਆਂ ਸੰਗਤਾਂ ਨੂੰ ਇਸ ਵਾਰ ਬਰਸੀ ਸਮਾਗਮਾਂ 'ਚ ਨਾਨਕਸਰ ਤੋਂ ਚੱਲਦੇ ਲਾਈਵ ਪ੍ਰੋਗਰਾਮ ਰਾਹੀਂ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ। ਸੰਤਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਇਸ ਵਾਰ ਬਰਸੀ ਸਮਾਗਮਾਂ 'ਤੇ ਸੰਗਤਾਂ ਦੇ ਇਕੱਠ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਦਾ ਇਹ ਕਹਿਣਾ ਵੀ ਉਚਿਤ ਹੈ ਕਿ ਅੱਜ ਜਦੋਂ ਕੋਰੋਨਾ ਵਾਇਰਸ ਤੇਜੀ ਨਾਲ ਪੈਰ ਪਸਾਰ ਰਿਹਾ ਹੈ, ਅਜਿਹੇ ਵਿਚ ਇਸ ਇਕੱਠ 'ਚ ਇਕ ਵੀ ਪੀੜਤ ਆ ਪਹੁੰਚਿਆ ਤਾਂ ਵੱਡੀ ਗਿਣਤੀ 'ਚ ਸੰਗਤਾਂ ਪੀੜਤ ਹੋ ਜਾਣਗੀਆਂ। ਅੱਜ ਜਦੋਂ ਇਸ ਦੇ ਇਲਾਜ ਦਾ ਵੀ ਕੋਈ ਵਿਆਪਕ ਪ੍ਰਬੰਧ ਨਹੀਂ ਹੈ ਤਾਂ ਸੰਗਤਾਂ ਨੂੰ ਵੀ ਅਜਿਹੇ ਸਮੇਂ ਘਰਾਂ 'ਚੋਂ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ, ਮਾੜਾ ਸਮਾਂ ਦੂਰ ਹੋਵੇਗਾ ਅਤੇ ਗੁਰੂ ਘਰ ਵਿਚ ਪਹਿਲਾ ਵਾਂਗ ਹੀ ਸੰਗਤਾਂ ਦਰਸ਼ਨ-ਏ-ਦੀਦਾਰ ਕਰਨਗੀਆਂ। ਉਨ੍ਹਾਂ  ਕਿਹਾ ਕਿ ਜਿਥੋਂ ਤਕ ਰਿਹਾ ਬਰਸੀ ਸਮਾਗਮਾਂ ਦੀ ਗੱਲ ਤਾਂ ਇਹ ਸਮਾਗਮ ਬਿਨਾਂ  ਇਕੱਠ ਤੋਂ ਪਹਿਲਾਂ ਵਾਂਗ ਹੀ ਪੂਰੀ ਸ਼ਰਧਾ ਅਤੇ ਗੁਰੂ ਮਰਿਯਾਦਾ ਅਨੁਸਾਰ ਮਨਾਏ ਜਾਣਗੇ।