ਪਿੰਡ ਲੋਪੋ ਵਿਖੇ ਕਰਜ਼ਾ ਮੁਆਫ਼ੀ ਅਤੇ ਆਏ ਨੋਟਿਸਾਂ ਖਿਲਾਫ਼ ਰੋਸ ਪ੍ਦਰਸ਼ਨ

ਬੱਧਨੀ ਕਲਾਂ /ਅਜੀਤਵਾਲ 17 ਅਗਸਤ (ਨਛੱਤਰ ਸੰਧੂ)

ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡ ਲੋਪੋ ਵਿਖੇ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਅੰਨ੍ਹੀ ਬੇਤਰਸ ਲੁੱਟ ਅਤੇ ਸਨਾਖਤ ਵਾਸਤੇ ਲਏ ਚੈੱਕਾਂ ਦੇ ਅਧਾਰ ਤੇ ਭੇਜੇ ਨੋਟਿਸਾਂ ਖਿਲਾਫ਼ ਰੋਸ ਪ੍ਦਰਸ਼ਨ ਕਰਕੇ ਕੰਪਨੀ ਅੱਪ ਮਨੀ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਜਿਥੇ ਵੱਡੀ ਗਿਣਤੀ ਵਿੱਚ ਮਜਦੂਰ ਮਰਦ-ਔਰਤਾਂ ਸਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਅਾਗੂ ਦਰਸ਼ਨ ਸਿੰਘ ਹਿੰਮਤਪੁਰਾ ਨੇ ਦੱਸਿਆ ਹੈ ਕਿ ਅੱਪ ਮਨੀ ਕੰਪਨੀ ਵਲੋਂ ਪਿੰਡ ਲੋਪੋ (ਮੋਗਾ) ਚ ਵੱਡੀ ਗਿਣਤੀ ਮਜਦੂਰ ਔਰਤਾਂ ਨੂੰ ਲੋਨ ਪਾਸ ਕੀਤੇ ਗਏ ਹਨ। ਜਿਨ੍ਹਾਂ ਚੋਂ ਕਈਆਂ ਨੂੰ 50 ਹਜ਼ਾਰ ਲੋਨ ਪਾਸ ਕਰਨ ਬਾਅਦ 5 ਹਜ਼ਾਰ ਫਾਈਲ ਖਰਚਾ ਕੱਟਕੇ 45 ਹਜਾਰ ਰੁਪਏ ਦਿੱਤੇ ਗਏ। ਜੋ ਕਿ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਇਸੇ ਤਰ੍ਹਾਂ ਕਈ ਮਜਦੂਰ ਔਰਤਾਂ ਜਿਵੇਂ ਗੁਰਪ੍ਰੀਤ ਕੌਰ ਪਤਨੀ ਜੋਗਿੰਦਰ ਸਿੰਘ 47600 ਰੁਪਏ, ਕਿਰਨਦੀਪ ਕੌਰ ਪਤਨੀ ਗੁਰਪਾਲ ਸਿੰਘ 61200 ਰੁਪਏ, ਅਮਨਦੀਪ ਕੌਰ ਪਤਨੀ ਜੀਵਨ ਸਿੰਘ 30600 ਰੁਪਏ ਵਾਪਸ ਕਰਨ ਤੋਂ ਬਾਅਦ ਵੀ 81600 ਰੁਪਏ ਦੇ ਨੋਟਿਸ ਭੇਜੇ ਜਾ ਚੁੱਕੇ ਹਨ। ਮਜਦੂਰ ਆਗੂ ਮੇਜਰ ਸਿੰਘ ਕਾਲੇਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਵਲੋਂ ਮਚਾਈ ਅੰਨ੍ਹੀ ਸੂਦਖੋਰੀ ਲੁੱਟ ਲਈ ਸਰਕਾਰਾਂ ਹੀ ਜੁਮੇਵਾਰ ਹੈ । ਇਕ ਪਾਸੇ ਇਹਨਾਂ ਕੰਪਨੀਆਂ ਨੂੰ ਤਾਂ 68000 ਹਜ਼ਾਰ ਕਰੋੜ ਰੁਪਏ ਦੇ ਕਰਜੇ ਮੁਆਫ਼ ਕਰ ਦਿੱਤੇ ਗਏ ਪਰ ਲੋਕਾਂ ਦੀ ਲੁੱਟ ਲਈ ਖੁਲ੍ਹੀਆਂ ਛੋਟਾਂ ਦੇ ਰੱਖੀਆਂ ਹਨ।ਕਰੋਨਾ ਮਹਾਂਮਾਰੀ ਕਾਰਨ ਸਰਕਾਰਾਂ ਵਲੋਂ ਕੀਤੇ ਲਾਕਡਾਉਨ ਜਾਂ ਕਰਫਿਊ ਕਾਰਨ ਹੀ ਲੋਕ ਆਪਣੇ ਘਰਾਂ ਚ ਰਹਿਣ ਲਈ ਮਜ਼ਬੂਰ ਹੋਏ ਸਨ। ਪਰ ਮਸੀਬਤ ਦੀ ਘੜੀ ਚ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਸਰਕਾਰਾਂ ਵਲੋਂ ਲੋਕ ਵਿਰੋਧੀ ਨੀਤੀਆਂ ਰਾਹੀਂ ਰਹਿੰਦੀ ਕਸਰ ਵੀ ਕੱਢੀ ਜਾ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ 25 ਅਗਸਤ ਨੂੰ ਸੂਬਾ ਕਮੇਟੀ ਦੇ ਸੱਦੇ ਤਹਿਤ ਕਾਂਗਰਸੀ MLA ਡਾ:ਹਰਜੋਤ ਕਮਲ ਦੇ ਦਫਤਰ ਮੋਗਾ ਮੂਹਰੇ ਰੋਸ ਪ੍ਦਸਰਨ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਖੇਤ ਮਜਦੂਰਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣ ਅਤੇ ਕੰਪਨੀਆਂ ਦੀ ਅੰਨ੍ਹੀ ਸੂਦਖੋਰੀ ਲੁੱਟ ਨੂੰ ਨੱਥ ਪਾਈ ਜਾਵੇ, ਬਿਜਲੀ ਬਿੱਲ ਮੁਆਫ਼ ਕਰਨ, ਪੱਕਾ ਰੁਜ਼ਗਾਰ ਲੈਣ, ਰਾਸਨ ਵੰਡਵਾਉਣ, ਪਲਾਟ, ਜਮੀਨੀ ਸੁਧਾਰ ਜਕਨੂੰਨ ਲਾਗੂ ਕਰਨ ਆਦਿ ਮੰਗਾਂ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ਜਾਵੇਗੀ।ਉਕਤ ਆਗੂਆਂ ਤੋਂ ਇਲਾਵਾ ਜੱਗਾ ਸਿੰਘ ਕੁੱਸਾ, ਦਰਸਨ ਸਿੰਘ ਘੋਲੀਆ ਕਲਾਂ, ਜਸਵੰਤ ਸਿੰਘ ਮੱਲੇਅਾਣਾ, ਤਰਸੇਮ ਸਿੰਘ ਬੌਡੇ, ਹਰਪ੍ਰੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ, ਨਸੀਬ ਕੌਰ, ਮਨਦੀਪ ਕੌਰ ਸਾਰੇ ਲੋਪੋ ਆਦਿ ਆਗੂ ਹਾਜ਼ਰ ਸਨ।