ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਪੱਧਰ ’ਤੇ 92 ਕਰੋੜ ਦੀ ਲਾਗਤ ਵਾਲੀ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦਾ ਆਗਾਜ਼ ਕੀਤਾ। ਮੁੱਖ ਮੰਤਰੀ ਨੇ ਸੰਕੇਤਕ ਰੂਪ ਵਿੱਚ ਬਾਰ੍ਹਵੀਂ ਜਮਾਤ ਦੇ ਛੇ ਵਿਦਿਆਰਥੀਆਂ ਨੂੰ ਨਿੱਜੀ ਤੌਰ ’ਤੇ ਸਮਾਰਟ ਫ਼ੋਨ ਸੌਂਪੇ। ਪੰਜਾਬ ਭਰ ਵਿੱਚ 26 ਵੱਖ-ਵੱਖ ਥਾਵਾਂ ’ਤੇ ਮੰਤਰੀਆਂ, ਵਿਧਾਇਕਾਂ ਅਤੇ ਹੋਰਾਂ ਨੇ ਸਕੀਮ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਰੇਕ ਮੰਤਰੀ ਨੇ ਅੱਜ ਵਿਦਿਆਰਥੀਆਂ ਨੂੰ 20-20 ਫ਼ੋਨ ਨਿੱਜੀ ਤੌਰ ’ਤੇ ਵੰਡੇ। ਇਸ ਸਕੀਮ ਤਹਿਤ ਸਾਲ 2017-18 ਦੇ ਸੂਬਾਈ ਬਜਟ ਵਿੱਚ 100 ਕਰੋੜ ਰੁਪਏ ਰੱਖੇ ਗਏ ਸਨ ਅਤੇ ਇਸ ਦੇ ਪਹਿਲੇ ਪੜਾਅ, ਜੋ ਨਵੰਬਰ 2020 ਤੱਕ ਮੁਕੰਮਲ ਹੋਵੇਗਾ, ਵਿੱਚ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ 1,74,015 ਵਿਦਿਆਰਥੀਆਂ ਨੂੰ ਵੱਡੀ ਸਹੂਲਤ ਹਾਸਲ ਹੋਵੇਗੀ।ਇਨ੍ਹਾਂ ਵਿਦਿਆਰਥੀਆਂ ਵਿੱਚ 87,395 ਲੜਕੇ ਅਤੇ 86,620 ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਹੋਰ ਪਛੜੀਆਂ ਸ਼੍ਰੇਣੀਆਂ (ਓਬੀਸੀ) ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਹਨ। ਸਕੀਮ ਦੇ ਘੇਰੇ ਹੇਠ ਆਉਣ ਵਾਲੇ ਵਿਦਿਆਰਥੀਆਂ ਵਿੱਚ 36,555 ਲਾਭਪਾਤਰੀ ਓਬੀਸੀ, 94,832 ਐੱਸਸੀ ਅਤੇ 13 ਵਿਦਿਆਰਥੀ ਐੱਸਟੀ ਨਾਲ ਸਬੰਧਤ ਹਨ। ਵੱਡੀ ਗਿਣਤੀ ਵਿੱਚ ਵਿਦਿਆਰਥੀ ਪੇਂਡੂ ਇਲਾਕਿਆਂ ਤੋਂ ਹਨ, ਜਿਨ੍ਹਾਂ ਦੀ ਗਿਣਤੀ 1,11,857 ਹੈ ਅਤੇ ਬਾਕੀ ਸ਼ਹਿਰਾਂ ਦੇ ਸਰਕਾਰੀ ਸਕੂਲ ਨਾਲ ਸਬੰਧਤ ਹਨ।ਅੱਜ ਦੁਪਹਿਰੇ ਇੱਥੇ ਪੰਜਾਬ ਸਿਵਲ ਸਕੱਤਰੇਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਜਨਮ-ਅਸ਼ਟਮੀ ਦੇ ਪਾਵਨ ਦਿਹਾੜੇ ਅਤੇ ਕੌਮਾਂਤਰੀ ਯੁਵਕ ਦਿਵਸ ਮੌਕੇ ਸਕੀਮ ਦੀ ਸ਼ੁਰੂਆਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ’ਤੇ ਵਿਸ਼ਵਾਸ ਕਰਦੇ ਹਨ ਜਿਸ ਕਰਕੇ ਇਕ-ਇਕ ਵਾਅਦੇ ਨੂੰ ਪੂਰਾ ਕਰਨਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਮੌਜੂਦਾ ਸਮੇਂ ਇਨ੍ਹਾਂ ਫੋਨਾਂ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ ਕਿਉਂ ਜੋ ਆਨਲਾਈਨ ਸਿੱਖਿਆ ਪ੍ਰਣਾਲੀ ਕਾਰਨ ਫੋਨ ਜ਼ਰੂਰਤ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਸਮਾਰਟ ਫੋਨ ਮਾਰਚ ਵਿੱਚ ਵੰਡਣ ਦੀ ਯੋਜਨਾ ਸੀ, ਪਰ ਕੋਵਿਡ ਸੰਕਟ ਕਾਰਨ ਦੇਰੀ ਹੋ ਗਈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਕੋਰਸ ਸਮੱਗਰੀ, ਪੁਰਾਣੇ ਪੇਪਰ ਆਦਿ ਡਾਊਨਲੋਡ ਕਰਨ ਵਿੱਚ ਮਦਦ ਮਿਲੇਗੀ।ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਕੀਮ ਗ਼ਰੀਬੀ ਦੇ ਪਾੜੇ ਨੂੰ ਖ਼ਤਮ ਕਰੇਗੀ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਸੂਬੇ ਦੇ ਵਿੱਤੀ ਸੰਕਟਾਂ ਵਿਚ ਘਿਰੇ ਹੋਣ ਦੇ ਬਾਵਜੂਦ ਇਹ ਵਾਅਦਾ ਪੂਰਾ ਕੀਤਾ ਹੈ। ਉਦਯੋਗ ਵਿਭਾਗ ਇਨਫੋਟੈਕ ਰਾਹੀਂ ਹੋਰ ਫੋਨ ਖਰੀਦਣ ਜਾ ਰਿਹਾ ਹੈ ਅਤੇ ਇਸ ਦੀ ਵੰਡ ਮੈਸਰਜ਼ ਲਾਵਾ ਦੁਆਰਾ ਕੀਤੀ ਜਾਵੇਗੀ।