ਡਾ ਰੀਤੂ ਜੈਨ ਦੀ ਬਦਲੀ ਅਤੇ ਅਪਮਾਨਿਤ ਕਰਨ ਖਿਲਾਫ ਇਕਜੁੱਟ ਹੋਈਆਂ ਸਿਹਤ ਵਿਭਾਗ ਦੀਆਂ ਜੱਥੇਬੰਦੀਆਂ

ਡਾ ਹਰਜੋਤ ਕਮਲ ਦੇ ਰਵੱਈਏ ਖਿਲਾਫ ਸਿਹਤ ਮੁਲਾਜ਼ਮਾਂ ਵਿੱਚ ਸਖਤ ਨਾਰਾਜਗੀ। ਵਿੱਢਿਆ ਸੰਘਰਸ਼ 

ਮੋਗਾ , ਅਗਸਤ 2020 (ਕਿਰਨ ਰੱਤੀ ) : ਮਿਤੀ 11 ਅਗਸਤ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਡਾ ਹਰਜੋਤ ਕਮਲ ਵੱਲੋਂ ਵਿਦੇਸ਼ ਜਾਣ ਵਾਲੇ ਲੋਕਾਂ ਦੇ ਟੈਸਟਾਂ ਨੂੰ ਲੈ ਕੇ ਡਾ ਰੀਤੂ ਜੈਨ ਨਾਲ ਕੀਤੀ ਗਈ ਤਲਖਕਲਾਮੀ ਅਤੇ ਰਾਤੋ ਰਾਤ ਕੀਤੀ ਗਈ ਬਦਲੀ ਨੂੰ ਲੈ ਕੇ ਸਿਹਤ ਵਿਭਾਗ ਮੋਗਾ ਦੇ ਸਮੁੱਚੇ ਮੁਲਾਜ਼ਮਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਮੁੱਦੇ ਤੇ ਇਨਸਾਫ ਲੈਣ ਲਈ ਪੀ ਸੀ ਐਮ ਐਸ ਐਸੋਸੀਏਸ਼ਨ ਮੋਗਾ ਦੇ ਸੱਦੇ ਤੇ ਸਿਹਤ ਵਿਭਾਗ ਦੀਆਂ ਸਮੁੱਚੀਆਂ ਜਥੇਬੰਦੀਆਂ ਦੀ ਇਕੱਤਰਤਾ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਹੋਈ। ਇਸ ਮੀਟਿੰਗ ਵਿੱਚ 21 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਹਰ ਕੇਡਰ ਤੋਂ ਇੱਕ ਨੁਮਾਇੰਦਾ ਸ਼ਾਮਲ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਵਿਧਾਇਕ ਡਾ ਹਰਜੋਤ ਕਮਲ ਸੁਖਜੀਤ ਸਿੰਘ ਅਤੇ ਸਾਥੀਆਂ ਵੱਲੋਂ ਪਬਲਿਕ ਵਿੱਚ ਖੜਾ ਕਰਕੇ ਇੱਕ ਮਹਿਲਾ ਡਾਕਟਰ (ਗਜਟਿਡ ਅਫਸਰ) ਨਾਲ ਤੱਥਾਂ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਕੀਤੀ ਗਈ ਬਦਸਲੂਕੀ ਅਤੇ ਤਲਖਕਲਾਮੀ ਦਾ ਸਖਤ ਨੋਟਿਸ ਲਿਆ ਅਤੇ ਆਪਣੀ ਗਲਤੀ ਨੂੰ ਛੁਪਾਉਣ ਲਈ ਰਾਤੋ ਰਾਤ ਕੀਤੀ ਗਈ ਬਦਲੀ ਨੂੰ ਰੱਦ ਕਰਵਾਉਣ ਲਈ ਐਕਸ਼ਨ ਉਲੀਕਿਆ ਗਿਆ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਡਾ ਗਗਨਦੀਪ ਸਿੰਘ, ਕੁਲਬੀਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਕੰਗ ਨੇ ਸਾਂਝੇ ਤੌਰ ਤੇ ਦੱਸਿਆ ਕਿ ਕੋਵਿਡ 19 ਦੀ ਗੰਭੀਰਤਾ ਨੂੰ ਦੇਖਦੇ ਹੋਏ ਜੱਥੇਬੰਦੀ ਵੱਲੋਂ ਤੁਰੰਤ ਵੱਡਾ ਐਕਸ਼ਨ ਨਹੀਂ ਦਿੱਤਾ ਗਿਆ ਤੇ ਸਰਕਾਰ ਨੂੰ ਇਸ ਮਸਲੇ ਦੇ ਹੱਲ ਲਈ ਚਾਰ ਦਿਨ ਦਾ ਸਮਾਂ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਹੋਣ ਵਾਲੇ ਸਖਤ ਐਕਸ਼ਨਾਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕੱਲ੍ਹ 13 ਅਗਸਤ ਨੂੰ 10 ਤੋਂ 11 ਵਜੇ ਤੱਕ ਇੱਕ ਘੰਟੇ ਦੀ ਸੰਕੇਤਕ ਤਾਲਾਬੰਦੀ ਕਰਕੇ ਡੀ ਸੀ ਮੋਗਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ, 14 ਅਗਸਤ ਨੂੰ 10 ਤੋਂ 12 ਵਜੇ ਤੱਕ ਦੋ ਘੰਟੇ ਦੀ ਤਾਲਾਬੰਦੀ ਕੀਤੀ ਜਾਵੇਗੀ। ਜੇਕਰ ਫਿਰ ਵੀ ਬਦਲੀ ਰੱਦ ਨਾ ਕੀਤੀ ਗਈ ਅਤੇ ਵਿਧਾਇਕ ਦੇ ਸਾਥੀਆਂ ਵੱਲੋਂ ਤਲਖਕਲਾਮੀ ਲਈ ਜਨਤਕ ਮੁਆਫੀ ਨਾ ਮੰਗੀ ਤਾਂ ਸੋਮਵਾਰ ਤੋਂ ਸਾਰੇ ਜਿਲ੍ਹੇ ਵਿੱਚ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ ਤੇ ਉਸ ਦੀ ਸੰਪੂਰਨ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਕੱਲ੍ਹ ਤੋੰ ਸਾਰੇ ਮੁਲਾਜ਼ਮ ਕਾਲੇ ਬਿੱਲੇ ਲਗਾ ਕੇ ਕੰਮ ਕਰਨਗੇ। ਉਹਨਾਂ ਕਿਹਾ ਇਸ ਘਟਨਾ ਕਾਰਨ ਕਰੋਨਾ ਵਿੱਚ ਫਰੰਟਲਾਈਨ ਤੇ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਦਾ ਅਪਮਾਨ ਹੋਇਆ ਹੈ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਵਿਧਾਇਕ ਨੇ ਆਪਣੇ ਮਾਨਸਿਕ ਦਿਵਾਲੀਏਪਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਡਾ ਰੀਤੂ ਜੈਨ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ, ਵਿਧਾਇਕ ਦੇ ਸਾਥੀ ਜਨਤਕ ਤੌਰ ਤੇ ਮੁਆਫੀ ਮੰਗਣ ਅਤੇ ਇਸ ਸਮੁੱਚੀ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਕਤ ਤੋਂ ਇਲਾਵਾ ਡਾ ਇੰਦਰਵੀਰ ਸਿੰਘ, ਡਾ ਰੁਪਿੰਦਰ ਕੌਰ, ਡਾ ਸੰਜੀਵ ਜੈਨ, ਡਾ ਰੀਤੂ ਜੈਨ, ਡਾ ਹਰਪ੍ਰੀਤ ਕੌਰ, ਡਾ ਚਰਨਪ੍ਰੀਤ ਸਿੰਘ, ਡਾ ਰੁਪਾਲੀ ਸੇਠੀ, ਮਹਿੰਦਰ ਪਾਲ ਲੂੰਬਾ, ਪਰਮਿੰਦਰ ਸਿੰਘ, ਜਗਪਾਲ ਕੌਰ, ਮਨਵਿੰਦਰ ਕਟਾਰੀਆ, ਰਾਜ ਕੁਮਾਰ, ਜੋਗਿੰਦਰ ਮਾਹਲਾ ਅਤੇ ਚਮਨ ਲਾਲ ਸੰਗੇਲੀਆ ਆਦਿ ਹਾਜ਼ਰ ਸਨ।