ਮੋਗਾ ਦੇ ਵਿਧਾਇਕ ਹਰਜੋਤ ਕਮਲ ਕੋਰੋਨਾ ਪਾਜ਼ੇਟਿਵ

ਪੰਜਾਬ ਚ ਮੰਗਲਵਾਰ ਕੋਰੋਨਾ ਪਾਜ਼ੇਟਿਵ ਦੀ ਗਿਣਤੀ 845 ਹੋਈ, 23 ਮੌਤਾਂ

ਲੁਧਿਆਣਾ ਚ ਅੱਜ ਫੇਰ 9 ਮੌਤਾਂ, ਸਥਿਤੀ ਖੌਫ਼ਨਾਕ

ਚੰਡੀਗੜ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

ਕੋਰੋਨਾ ਕਾਰਨ ਪੰਜਾਬ 'ਚ 23 ਹੋਰ ਲੋਕਾਂ ਨੇ ਦਮ ਤੋੜ ਦਿੱਤਾ, ਜਿਸ ਨਾਲ ਮਿ੍ਤਕਾਂ ਦੀ ਗਿਣਤੀ ਵਧ ਕੇ 636 ਹੋ ਗਈ ਹੈ। ਮਰੀਜ਼ਾਂ ਦੀ ਗਿਣਤੀ 'ਚ ਵੀ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਮੰਗਲਵਾਰ ਨੂੰ ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਸਮੇਤ ਕੁੱਲ 845 ਮਾਮਲੇ ਸਾਹਮਣੇ ਆਏ ਹਨ।ਘਰ 'ਚ ਆਈਸੋਲੇਟ ਪਠਾਨਕੋਟ ਦੇ ਕਾਂਗਰਸੀ ਵਿਧਾਇਕ ਅਮਿਤ ਵਿਜ ਨੂੰ ਅੰਮਿ੍ਤਸਰ ਰੈਫਰ ਕਰਨਾ ਪਿਆ। ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਸੀ। ਜਲੰਧਰ 'ਚ ਸਿਵਲ ਜੱਜ ਤੇ ਕੋਰੋਨਾ ਨੋਡਲ ਅਫਸਰ ਸਮੇਤ 90 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤਾਂ ਅੰਮਿ੍ਤਸਰ 'ਚ ਵੀ 113 ਨਵੇਂ ਮਾਮਲੇ ਸਾਹਮਣੇ ਆਏ ਹਨ। ਸੰਗਰੂਰ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ। ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਸਮੇਤ 60 ਕੋਰੋਨਾ ਪਾਜ਼ੇਟਿਵ ਪਾਏ ਗਏ। ਗੁਰਦਾਸਪੁਰ 'ਚ ਕੋਰੋਨਾ ਨਾਲ 65 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦਕਿ 35 ਨਵੇਂ ਕੇਸ ਮਿਲੇ ਹਨ। ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਲੁਧਿਆਣਾ ਦੀ ਸਥਿਤੀ ਸਭ ਤੋਂ ਖ਼ਰਾਬ ਹੈ। ਮੰਗਲਵਾਰ ਨੂੰ ਇੱਥੇ ਸਭ ਤੋਂ ਜ਼ਿਆਦਾ ਨੌਂ ਮੌਤਾਂ ਹੋ ਗਈਆਂ। ਜਲੰਧਰ 'ਚ ਤਿੰਨ ਮੌਤਾਂ ਹੋਈਆਂ। ਇਸ ਤੋਂ ਇਲਾਵਾ ਪਟਿਆਲਾ, ਬਠਿੰਡਾ ਤੇ ਤਰਨਤਾਰਨ 'ਚ ਦੋ-ਦੋ ਤੇ ਅੰਮਿ੍ਤਸਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਕਪੂਰਥਲਾ ਤੇ ਪਠਾਨਕੋਟ 'ਚ ਇਕ-ਇਕ ਮਰੀਜ਼ ਦੀ ਮੌਤ ਹੋ ਗਈ। ਸੂਬੇ 'ਚ ਸੋਮਵਾਰ ਨੂੰ ਕੋਰਨਾ ਨਾਲ 31 ਮੌਤਾਂ ਹੋਈਆਂ ਸਨ ਜਦਕਿ 1232 ਕੇਸ ਆਏ ਸਨ।