You are here

ਕੀ ਪਰਮਾਣੂ ਹਥਿਆਰ 'ਇੱਕ ਸਾਂਭ ਕੇ ਰੱਖੀ ਮੌਤ' ਹਨ? ✍️ ਰਣਜੀਤ ਸਿੰਘ ਹਿਟਲਰ

*ਦੇਸ਼ਾਂ ਅੰਦਰ ਲਗਾਤਾਰ ਵੱਧ ਰਿਹਾ ਪਰਮਾਣੂ ਜ਼ਾਖੀਰਾ! ਕਦੀ ਵੀ ਬਣ ਸਕਦਾ ਹੈ, ਦੁਨੀਆ ਦੇ ਖਾਤਮੇ ਦਾ ਕਾਰਨ। ਪਰਮਾਣੂ ਹਥਿਆਰਾਂ 'ਤੇ ਪੂਰਨ ਪਾਬੰਦੀ ਲਗਾਉਣਾ ਸਮੇਂ ਅਤੇ ਵਿਸ਼ਵ ਦੀ ਵੱਡੀ ਜ਼ਰੂਰਤ...*

ਅੱਜ ਦੇ ਵਿਗਿਆਨਕ ਯੁੱਗ ਵਿੱਚ ਚਾਹੇ,ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ,ਆਪਣੇ ਸੁੱਖ ਸਹੂਲਤਾਂ ਵਾਸਤੇ ਬਹੁਤ ਵਸਤਾਂ ਤਿਆਰ ਕਰ ਲਈਆਂ ਹਨ।ਪ੍ਰੰਤੂ ਅੱਜ ਜਾਣੇ ਜਾਂ ਅਣਜਾਣੇ ਵਿੱਚ ਦੁਨੀਆ ਦਾ ਹਰ ਇੱਕ ਵਿਅਕਤੀ 'ਮੌਤ ਦੇ ਸਾਏ' ਵਿੱਚ ਜਿਉਂ ਰਿਹਾ ਹੈ।ਇਸ ਗੱਲ ਦਾ ਗਿਆਨ 'ਤਾਂ ਸਭ ਨੂੰ ਹੈ ਕਿ ਇਹ ਮਨੁੱਖ ਜਾਤੀ ਦੇ ਨਾਲ ਹੀ ਧਰਤੀ 'ਤੇ ਮੌਜੂਦ ਬੇਜ਼ੁਬਾਨ ਜੀਵ-ਜੰਤੂਆਂ ਦੀ ਵੀ ਦਰਦਨਾਕ ਮੌਤ ਹੈ।ਫਿਰ ਵੀ ਦੁਨੀਆ ਦੇ ਅਨੇਕਾਂ ਮੁਲਕ, ਸਣੇ ਭਾਰਤ ਇਸ ਮੌਤ ਨੂੰ ਆਪਣੀ ਬੁੱਕਲ ਵਿੱਚ ਸਾਂਭ ਕੇ ਰੱਖੀ ਬੈਠੇ ਹਨ।ਅਸਲ ਵਿੱਚ ਇਹ ਉਹੀ ਬੇਵਕਤੀ ਮੌਤ ਹੋਵੇਗੀ ਜੋ ਸਾਨੂੰ ਸਾਡੀ ਕੁਦਰਤ ਨਹੀਂ ਬਲਕਿ ਖੁਦ ਇੱਕ ਇਨਸਾਨ ਦੂਜੇ ਇਨਸਾਨ ਨੂੰ ਦਵੇਗਾ।ਅੱਜ ਦੇ ਸਮੇਂ ਪਰਮਾਣੂ ਹਥਿਆਰ ਹਰ ਦੇਸ਼ ਵਿਕਸਿਤ ਕਰ ਰਿਹਾ ਹੈ,ਬਹੁਤੇ ਦੇਸ਼ਾ ਨੇ ਤਾਂ ਇਸ ਮਸਲੇ ਵਿੱਚ ਪੂਰੀ ਨਿਪੁੰਨਤਾ ਵੀ ਹਾਸਿਲ ਕਰ ਲਈ ਹੈ।ਪ੍ਰੰਤੂ ਕੀ ਸਾਨੂੰ ਪਤਾ ਹੈ? ਕਿ ਪਰਮਾਣੂ ਜੰਗ ਵਿੱਚ ਜਿੱਤ ਕਿਸੇ ਦੀ ਵੀ ਨਹੀਂ ਹੋਵੇਗੀ।ਜੇਕਰ ਕੁਝ ਮਿਲੇਗਾ ਤਾਂ ਉਹ ਹੈ ਸਿਰਫ ਔਰ ਸਿਰਫ ਮੌਤ,ਫਿਰ ਚਾਹੇ ਕੋਈ ਦੇਸ਼ ਵੱਡਾ ਹੋਵੇ ਜਾਂ ਛੋਟਾ।ਕੁਦਰਤ ਨਾਲ ਛੇੜਛਾੜ ਦਾ ਨਤੀਜਾ ਅੱਜ ਅਸੀਂ ਕਰੋਨਾ ਮਹਾਂਮਾਰੀ ਦੇ ਰੂਪ ਵਿੱਚ ਭੁਗਤ ਰਹੇ ਹਾਂ।ਪ੍ਰੰਤੂ ਪਰਮਾਣੂ ਹਥਿਆਰਾਂ ਦਾ ਵਿਸ਼ਵ ਪੱਧਰ 'ਤੇ ਲਗਾਤਾਰ ਵੱਧ ਰਿਹਾ ਜ਼ਖੀਰਾ ਕੁਦਰਤ ਨਾਲ ਵੱਡੇ ਪੱਧਰ ਵਾਲੀ ਛੇੜਛਾੜ ਹੈ।ਜਿਵੇਂ ਅੱਜ ਕਰੋਨਾ ਵਾਇਰਸ ਕਿਸੇ ਇੱਕ ਮੁਲਕ ਦੀ ਗਲਤੀ ਕਾਰਨ ਇੰਨੇ ਵੱਡੇ ਪੱਧਰ 'ਤੇ ਫੈਲ ਗਿਆ ਹੈ।ਇਸੇ ਤਰ੍ਹਾ ਪਰਮਾਣੂ ਹਥਿਆਰ ਪ੍ਰਤੀ ਕਿਸੇ ਇੱਕ ਮੁਲਕ ਦੀ ਲਾਪ੍ਰਵਾਹੀ ਪੂਰੀ ਦੁਨੀਆ ਦੇ ਖ਼ਾਤਮੇ ਦਾ ਕਾਰਨ ਬਣ ਸਕਦੀ ਹੈ।ਇਸ ਤੋਂ ਇਲਾਵਾ ਖ਼ੁਦਾ-ਨਾ-ਖ਼ਾਸਤਾ ਇਹ ਹਥਿਆਰ ਕਿਸੇ ਅੱਤਵਾਦੀ ਸੰਗਠਨ ਦੇ ਹੱਥ ਲੱਗ ਗਏ ਜਾਂ ਉਹਨਾਂ ਵੱਲੋਂ ਤਿਆਰ ਕਰ ਲਏ ਗਏ, ਤਾਂ ਇੱਕ ਗੱਲ ਯਾਦ ਰੱਖ ਲੈਣਾ ਨਾ ਤਾਂ ਕਿਸੇ ਦਾ ਕੋਈ ਅੰਤਿਮ ਸੰਸਕਾਰ ਕਰਨ ਵਾਲਾ ਲੱਭੇਗਾ ਅਤੇ ਨਾ ਹੀ ਕਿਸੇ ਨੂੰ ਕੋਈ ਦਫਨਾਉਣ ਵਾਲਾ।ਅੱਜ ਪੂਰੀ ਦੁਨੀਆ ਇੱਕ ਤਰ੍ਹਾ ਦੇ ਬਾਰੂਦ ਦੇ ਢੇਰ ਉੱਪਰ ਬੈਠੀ ਹੈ ਜਿਸਦਾ ਕੋਈ ਪਤਾ ਨਹੀਂ ਕਦੋਂ ਅੱਗ ਫੜ ਜਾਵੇ।ਵੱਧ ਰਹੇ ਪਰਮਾਣੂ ਅਸਤਰਾਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਦੁਨੀਆ ਨੇ ਅਜੇ ਤੱਕ ਨਾਗਾਸਾਕੀ/ਹੀਰੋਸ਼ੀਮਾ ਵਿੱਚ ਹੋਏ ਤਬਾਹਕੁੰਨ ਹਮਲੇ ਤੋਂ ਕੋਈ ਸਬਕ ਨਹੀਂ ਲਿਆ।ਜਿੱਥੇ ਹਮਲੇ ਉਪਰੰਤ ਫੈਲੇ ਰੇਡੀਏਸ਼ਨ ਕਾਰਨ ਕਈ ਨਵਜੰਮੇ ਬੱਚੇ ਅੱਜ ਵੀ ਅਪਾਹਿਜ ਪੈਦਾ ਹੋ ਰਹੇ ਹਨ।ਅੰਤ ਹੋਇਆ ਕੀ! ਦੋਨਾਂ ਮੁਲਕਾਂ ਅਮਰੀਕਾ ਅਤੇ ਜਾਪਾਨ ਦੀ ਸਮੱਸਿਆ ਗੱਲਬਾਤ ਉਪਰੰਤ ਹੱਲ ਹੋ ਗਈ।ਪਰ ਕਦੀ ਸੋਚਿਆ ਕਿ ਉਨ੍ਹਾਂ ਹਜ਼ਾਰਾਂ ਲੋਕਾਂ ਦਾ ਕੀ ਗੁਨਾਹ ਸੀ ਜੋ ਦੋਨਾਂ ਦੇਸ਼ਾ ਵੱਲੋ ਕੀਤੇ ਇੱਕ ਦੂਜੇ ਉੱਪਰ ਹਮਲਿਆਂ ਵਿੱਚ ਮਾਰੇ ਗਏ, ਜਾਂ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੋ ਅੱਜ ਵੀ ਅਪਾਹਿਜ ਪੈਦਾ ਹੋ ਰਹੇ ਹਨ।ਸਦੀਆਂ ਤੋਂ ਦੁਨੀਆਂ ਦਾ ਇਤਿਹਾਸ ਰਿਹਾ ਹੈ ਕਿ ਜੰਗ ਹਮੇਸ਼ਾ ਰਾਜਿਆਂ ਅਤੇ ਵੱਡੇ ਲੋਕਾਂ ਲਈ ਮਨੋਰੰਜਨ ਦਾ ਸਾਧਨ ਰਹੀ ਹੈ,ਪਰ ਇਸਦਾ ਸੰਤਾਪ ਹਮੇਸ਼ਾ ਹੀ ਗਰੀਬ ਅਤੇ ਆਮ ਲੋਕਾਂ ਨੂੰ ਹੀ ਭੋਗਣਾ ਪੈਂਦਾ ਹੈ।ਜੋ ਕਿ ਅੱਜ ਤੱਕ ਨਿਰੰਤਰ ਜਾਰੀ ਹੈ।ਚਾਹੇ ਉਹ ਸੀਰੀਆ ਵਿੱਚ ਵਰਦੇ ਹਵਾਈ ਬੰਬ ਹੋਣ ਜਾਂ ਫਿਰ ਹੀਰੋਸ਼ੀਮਾ ਵਿੱਚ ਪਰਮਾਣੂ ਹਮਲੇ।ਉਸ ਹਮਲੇ ਮਗਰੋਂ ਜਾਪਾਨ ਨੇ ਬਹੁਤ ਸਾਲਾਂ ਤੱਕ ਆਪਣੇ ਪਰਮਾਣੂ ਪ੍ਰੋਗਰਾਮਾਂ ਉੱਪਰ ਰੋਕ ਲਗਾਈ ਰੱਖੀ।ਪ੍ਰੰਤੂ ਅੱਜ ਕੋਈ ਵੀ ਦੇਸ਼ ਆਪਣੀ ਪਰਮਾਣੂ ਸ਼ਕਤੀ ਵਧਾਉਣ ਜਾਂ ਹਥਿਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।ਬੀਤੇ ਦਿਨੀਂ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਕੀ ਵਾਪਰਿਆ ਇਹ ਸਭ ਨੇ ਦੇਖਿਆ ਕਿ ਕਿਵੇਂ ਇਕ ਵੱਡੇ ਧਮਾਕੇ ਨਾਲ ਦੇਖਦੇ ਹੀ ਦੇਖਦੇ ਬੇਰੂਤ ਦੇ ਆਸਮਾਨ ਵਿੱਚ ਕਾਲਾ ਧੂਆਂ ਛਾ ਗਿਆ।ਲੈਬਨਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਧਮਾਕਾ ਬਹੁਤ ਸਮੇਂ ਤੋਂ ਸਟੋਰ ਕੀਤੇ ਰਸਾਇਣਕ ਵਿਸਫੋਟ ਪਦਾਰਥ ਵਿੱਚ ਹੋਇਆ ਹੈ।ਪਰ ਬਹੁਤੇ ਦਾਅਵੇ ਇਹ ਵੀ ਹਨ ਕਿ ਇਹ ਇਕ ਹਥਿਆਰਾਂ ਦਾ ਜ਼ਖੀਰਾ ਸੀ।ਜਿਸਨੂੰ ਲੈਬਨਾਨ ਵਿੱਚ ਬੈਠੇ ਅੱਤਵਾਦੀ ਹਿਜ਼ਬੁਲਾਅ ਨੇ ਇਜਰਾਇਲ ਵਿਰੁੱਧ ਵਰਤਣ ਲਈ ਸਾਂਭਿਆਂ ਸੀ। ਪਰ ਇਜਰਾਇਲ ਨੇ ਇਸਨੂੰ ਪਹਿਲਾਂ ਹੀ ਨਸ਼ਟ ਕਰ ਦਿੱਤਾ।ਚੱਲੋ! ਸੱਚ ਜੋ ਮਰਜ਼ੀ ਹੋਵੇ ਪਰ ਮਰੇ ਇਸ ਵਿੱਚ ਵੀ ਬੇਗੁਨਾਹ ਹੀ ਹਨ। ਹੁਣ ਤੱਕ 150 ਤੋਂ ਵੱਧ ਲੋਕ ਮਰ ਚੁੱਕੇ ਹਨ,ਪਰ ਵਿਸਫੋਟ ਦੇ ਭਿਆਨਕ ਮੰਜ਼ਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਰਨ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ।ਪੰਜ ਹਜ਼ਾਰ ਤੋਂ ਵੱਧ ਲੋਕ ਇਸ ਧਮਾਕੇ ਕਾਰਨ ਜ਼ਖਮੀ ਹੋਏ ਹਨ।ਸਮੇਂ ਅਨੁਸਾਰ ਵੱਧ ਰਿਹਾ ਤਾਪਮਾਨ,ਆਵਾਜਾਈ ਸਾਧਨਾਂ ਵਿੱਚ ਵਾਧਾ ਅਤੇ ਰੁੱਖਾਂ ਦੀ ਕਟਾਈ ਆਦਿ ਕਾਰਨ ਤਾਪਮਾਨ ਬਹੁਤ ਉੱਪਰ ਜਾ ਰਿਹਾ ਹੈ,ਜੋ ਕਿ ਭਵਿੱਖ ਅੰਦਰ ਹੋਰ ਵੀ ਰਸਾਇਣਕ ਬਾਰੂਦੀ ਹਥਿਆਰਾਂ ਵਿੱਚ ਵਿਸਫੋਟ ਦਾ ਵੱਡਾ ਕਾਰਨ ਬਣ ਸਕਦਾ ਹੈ।ਪਰਮਾਣੂ    ਹਥਿਆਰਾਂ ਦਾ ਵਿਰੋਧ ਪੂਰੀ ਦੁਨੀਆ ਅੰਦਰ ਹੀ ਵੱਖ ਵੱਖ ਸਮੇਂ 'ਤੇ ਹੁੰਦਾ ਰਿਹਾ ਹੈ ਅਤੇ ਇੰਨਾ ਮਾਰੂ ਹਥਿਆਰਾਂ ਉੱਪਰ ਪੂਰਨ ਪਾਬੰਦੀ ਦੀ ਗੱਲ ਉਠਦੀ ਰਹੀ ਹੈ। ਹੁਣ ਵਿਸ਼ਵ ਦੇ ਸਾਰੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਵਿਸ਼ਵ ਨੇਤਾਵਾਂ ਨੂੰ ਖੁਦ ਹੀ ਅੱਗੇ ਆਕੇ,ਇਸ ਪਰਮਾਣੂ ਹਥਿਆਰਾਂ ਦੇ ਅਥਾਹ ਜਮ੍ਹਾ ਕੀਤੇ ਜ਼ਖੀਰੇ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।ਸ਼ਾਇਦ ਇਸੇ ਲਈ ਹੀ ਸਾਡੀ ਕੁਦਰਤ ਸਾਨੂੰ ਕਰੋਨਾ ਮਹਾਂਮਾਰੀ ਜਾਂ ਹੁਣ ਬੇਰੂਤ ਰਸਾਇਣ ਵਿਸਫੋਟ ਵਰਗੀਆਂ ਚੇਤਾਵਨੀਆਂ ਦੇਕੇ ਵਾਰ-ਵਾਰ ਸੁਚੇਤ ਕਰ ਰਹੀ ਹੈ,ਕਿ ਅਜੇ ਵੀ ਸੁਧਾਰ ਵੱਲ ਕਦਮ ਚੁੱਕ ਲਵੋ! ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅੰਜਾਮ ਇਸ ਤੋਂ ਵੀ ਕਿਤੇ ਬੁਰਾ ਭੁਗਤਣਾ ਪੈ ਸਕਦਾ ਹੈ।ਸੋਚੋ! ਕਿਤੇ ਇਹ ਨਾ ਹੋਵੇ ਕਿ ਸਾਡਾ ਹੰਕਾਰ,ਜਿੱਦ ਅਤੇ ਲਾਪਰਵਾਹੀ ਸਾਡੇ ਪਿੱਛੇ ਕੋਈ ਅਫਸੋਸ ਕਰਨ ਵਾਲਾ ਵੀ ਨਾ ਛੱਡੇ।

ਲੇਖਕ:- ਰਣਜੀਤ ਸਿੰਘ ਹਿਟਲਰ

ਫਿਰੋਜ਼ਪੁਰ, ਪੰਜਾਬ।

ਮੋ:ਨੰ:-7901729507

ਈਮੇਲ:- ranjeetsinghhitlar21@gmail.com