ਲੰਡਨ, ਯੂਕੇ ਹਾਈ ਕੋਰਟ ਨੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਨਾਲ ਭਾਰਤ ਕਥਿਤ ਧੋਖਾਧੜੀ ਅਤੇ ਕਾਲੇ ਧਨ ਨੂੰ ਸਫੇਦ ਕਾਰਨ ਦੇ ਦੋਸ਼ਾਂ ਵਿੱਚ ਲੋੜੀਂਦੇ ਵਪਾਰੀ ਨੂੰ ਭਾਰਤ ਲਿਆਉਣ ਵਿੱਚ ਇਕ ਕਦਮ ਅੱਗੇ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਨੇ ਆਪਣੀ ਹਵਾਲਗੀ ਦੇ ਹੁਕਮਾਂ ਖ਼ਿਲਾਫ਼ 14 ਫਰਵਰੀ ਨੂੰ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਵਿੱਚ ਉਸ ਨੇ ਅਪੀਲ ਕਰਨ ਲਈ ਛੁੱਟੀ ਦੀ ਮੰਗ ਕੀਤੀ ਸੀ। ਮਾਲਿਆ ਦੇ ਹਵਾਲਗੀ ਹੁਕਮਾਂ ’ਤੇ ਯੂਕੇ ਦੇ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੇ ਦਸਤਖ਼ਤ ਕੀਤੇ ਸਨ। ਨਿਆਂਪਾਲਿਕਾ ਦੇ ਬੁਲਾਰੇ ਨੇ ਕਿਹਾ ਕਿ ਜਸਟਿਸ ਵਿਲੀਅਮ ਡੇਵਿਸ ਨੇ ਪੰਜ ਅਪਰੈਲ ਨੂੰ ਮਾਲਿਆ ਦੀ ਅਪੀਲ ਖਾਰਜ ਕੀਤੀ ਸੀ। ਬੁਲਾਰੇ ਨੇ ਕਿਹਾ ਕਿ ਅਪੀਲਕਰਤਾ (ਮਾਲਿਆ) ਕੋਲ ਮੌਖਿਕ ਅਪੀਲ ਲਈ ਪੰਜ ਦਿਨ ਹਨ। ਜੇ ਉਹ ਮੜ ਨਜ਼ਰਸਾਨੀ ਦੀ ਅਪੀਲ ਕਰਦਾ ਹੈ ਤਾਂ ਇਹ ਹਾਈ ਕੋਰਟ ਵਿੱਚ ਸੂਚੀਬੱਧ ਹੋਵੇਗੀ ਅਤੇ ਇਸ ’ਤੇ ਮੌਖਿਕ ਸੁਣਵਾਈ ਕੀਤੀ ਜਾਵੇਗੀ। ਹਾਈ ਕੋਰਟ ਵੱਲੋਂ ਮਾਲਿਆ ਦੀ ਅਪੀਲ ਖਾਰਜ ਕਰਨ ਦਾ ਇਹ ਅਰਥ ਨਹੀਂ ਕਿ ਇਸ ਮਾਮਲੇ ਵਿੱਚ ਅਪੀਲ ਦੀ ਪ੍ਰਕਿਰਿਆ ਖਤਮ ਹੋ ਗਈ ਹੈ। ਮੌਜੂਦਾ ਫੈਸਲੇ ਨੂੰ ਭਾਰਤ ਦੇ ਹੱਕ ਵਿੱਚ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਿਜੈ ਮਾਲਿਆ 2016 ਵਿੱਚ ਭਾਰਤ ਤੋਂ ਵਿਦੇਸ਼ ਭੱਜ ਗਿਆ ਸੀ।