ਨਵੀਂ ਦਿੱਲੀ, 06 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਯੂਥ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਸਹਿਯੋਗ ਨਾਲ ਕਮਿਊਨਿਟੀ ਹਾਲ ਰਾਜੌਰੀ ਗਾਰਡਨ ਵਿਖੇ ਕੁਲਜੀਤ ਸਿੰਘ ਦੁਆਰਾ ਤਿਆਰ “ਦਾਸਤਾਨ-ਏ-ਗੁਰੂ ਤੇਗ ਬਹਾਦਰ” ਦਾ ਪ੍ਰੀਮੀਅਮ ਸ਼ੋਅ ਕਰਵਾਇਆ ਗਿਆ। ਜਿਸ ਨੂੰ ਵੇਖਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਹਰਬੰਸ ਸਿੰਘ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਅਕਾਲੀ ਦਲ ਸੰਯੁਕਤ ਦੇ ਆਗੂ ਹਰਪ੍ਰੀਤ ਸਿੰਘ ਬੰਨੀ ਜੌਲੀ, ਜਾਗੋ ਪਾਰਟੀ ਦੇ ਆਗੂ ਅਤੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਚੇਅਰਮੈਨ ਬਲਦੀਪ ਸਿੰਘ ਰਾਜਾ , ਮੈਨੇਜਰ ਜਗਜੀਤ ਸਿੰਘ, ਸਥਾਨਕ ਵਿਧਾਇਕ ਧਨਵੰਤੀ ਚੰਦੇਲਾ, ਕੌਂਸਲਰ ਸ਼ਸ਼ੀ ਤਲਵਾੜ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
ਸਿੱਖ ਯੂਥ ਫਾਊਂਡੇਸ਼ਨ ਦੇ ਮੁਖੀ ਹਰਨੇਕ ਸਿੰਘ ਸਮੇਤ ਸਮੁੱਚੀ ਟੀਮ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਸ: ਹਰਮੀਤ ਸਿੰਘ ਕਾਲਕਾ ਨੇ ਸਿੱਖ ਯੂਥ ਫਾਊਂਡੇਸ਼ਨ ਦਾ ਦਾਇਰਾ ਪੂਰੀ ਦਿੱਲੀ ਵਿੱਚ ਵਧਾ ਕੇ ਦਾਸਤਾਨ-ਏ-ਗੁਰੂ ਤੇਗ ਬਹਾਦਰ ਸ਼ੋਅ ਵਿਖਾਉਣ ਦੀ ਪੇਸ਼ਕਸ਼ ਕੀਤੀ ਅਤੇ ਕਮੇਟੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਸ: ਹਰਮਨਜੀਤ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ: ਕੁਲਜੀਤ ਸਿੰਘ ਨੇ ਪਹਿਲਾਂ “ਦਾਸਤਾਨ ਏ ਗੁਰੂ ਨਾਨਕ ਦੇਵ ਜੀ” ਬਣਾਈ ਸੀ ਅਤੇ ਉਸ ਦਾ ਪਹਿਲਾ ਸ਼ੋਅ ਵੀ ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ 'ਚ ਵਿਖਾਇਆ ਸੀ ਅਤੇ ਹੁਣ “ਦਾਸਤਾਨ ਏ ਗੁਰੂ ਤੇਗ ਬਹਾਦਰ ਜੀ” ਦਾ ਪਹਿਲਾ ਪ੍ਰੀਮੀਅਮ ਸ਼ੋਅ ਰਾਜੌਰੀ ਗਾਰਡਨ ਵਿਖੇ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਇਸ ਤਰ੍ਹਾਂ ਦੇ ਸ਼ੋਅ ਦੀ ਲੋੜ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਅਤੇ ਆਸ ਹੈ ਕਿ ਅਜਿਹੇ ਸ਼ੋਅ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਜੀਵਨ ਇਤਿਹਾਸ ਦੀ ਜਾਣਕਾਰੀ ਹਰ ਘਰ ਤੱਕ ਪਹੁੰਚੇਗੀ।