ਭਾਰਤੀ ਮੂਲ ਦਾ ਅਮਨ ਬਿਆਸ ਹੱਤਿਆ ਅਤੇ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ

ਮਾਨਚੈਸਟਰ, ਅਗਸਤ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

ਪਿਛਲੇ ਸਾਲ ਭਾਰਤ ਤੋਂ ਯੂ. ਕੇ. ਹਵਾਲੇ ਕੀਤੇ ਗਏ 35 ਸਾਲਾ ਅਮਨ ਬਿਆਸ ਨੂੰ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਜਬਰ ਜਨਾਹ ਦੇ ਮਾਮਲਿਆਂ ਅਤੇ ਕਤਲਾਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ । ਅਮਨ ਬਿਆਸ ਨੂੰ ਮਿਸ਼ੇਲ ਸਮਰਾਵੀਰਾ ਦੀ ਹੱਤਿਆ ਕਰਨ ਅਤੇ ਜਬਰ ਜਨਾਹ ਕਰਨ ਤੋਂ ਬਾਅਦ ਤਿੰਨ ਹੋਰ ਔਰਤਾਂ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਹੈ । ਇਹ ਅਪਰਾਧ ਮਾਰਚ 2009 ਅਤੇ ਮਈ 2009 ਦੇ ਵਿਚਕਾਰ ਉੱਤਰ-ਪੂਰਬੀ ਲੰਡਨ ਦੇ ਵੈਲਥਮਸਟੋਅ ਵਿਚ ਵੱਖ-ਵੱਖ ਸਥਾਨਾਂ 'ਤੇ ਹੋਏ । ਲੰਡਨ ਦੀ ਓਲਡ ਬੇਲੀ ਅਦਾਲਤ 'ਚ ਸੁਣਵਾਈ ਦੌਰਾਨ ਬਿਆਸ ਨੂੰ ਸਮਰਾਵੀਰਾ ਦੇ ਕਤਲ ਦਾ ਦੋਸ਼ੀ ਠਹਿਰਾਏ ਜਾਣ ਤੋਂ ਇਲਾਵਾ ਹਮਲਾ ਕਰਨ ਅਤੇ ਹੋਰ ਜਬਰ ਜਨਾਹ ਦੇ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਅਤੇ ਅਗਲੇ ਮਹੀਨੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ ।ਮੈਟਰੋਪਾਲੀਟਨ ਪੁਲਿਸ ਜਾਂਚ ਅਧਿਕਾਰੀ ਸਾਰਜੈਂਟ ਸ਼ਾਲੀਨਾ ਸ਼ੇਖ਼ ਨੇ ਕਿਹਾ ਕਿ ਇਸ ਮਾਮਲੇ 'ਚ ਨਿਆਂ ਲਈ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਸ ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪਈ । ਦਸ ਸਾਲ ਪਹਿਲਾਂ ਬਿਆਸ ਦਾ ਪਤਾ ਲਗਾਉਣ ਲਈ ਖੋਜ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ । ਪੁਲਿਸ ਜਾਂਚ ਤੋਂ ਪਤਾ ਲੱਗਾ ਕਿ 2011 'ਚ ਉਹ ਨਿਊਜ਼ੀਲੈਂਡ 'ਚ ਸੀ, ਫਿਰ ਉਹ ਸਿੰਗਾਪੁਰ ਚਲਾ ਗਿਆ | ਜੁਲਾਈ 2011 'ਚ ਬਿ੍ਟਿਸ਼ ਪੁਲਿਸ ਨੂੰ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨਵੀਂ ਦਿੱਲੀ ਹਵਾਈ ਅੱਡੇ ਤੋਂ ਬਿਆਸ ਨਾਂਅ ਦੇ ਇਕ ਭਾਰਤੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਸੀ ।ਅਕਤੂਬਰ 2019 'ਚ ਮੈਟਰੋਪਾਲੀਟਨ ਪੁਲਿਸ ਉਸ ਨੂੰ ਨਵੀਂ ਦਿੱਲੀ ਤੋਂ ਲੰਡਨ ਲੈ ਕੇ ਆਈ ਅਤੇ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਸੀ ।
ਅਦਾਲਤ 'ਚ ਇਹ ਵੀ ਖ਼ੁਲਾਸਾ ਹੋਇਆ ਕਿ ਉਸ ਨੇ 24 ਸਾਲ ਦੀ ਉਮਰ 'ਚ ਇਹ ਅਪਰਾਧ ਕੀਤਾ ਸੀ । ਉਹ ਵਾਲਥਮਸਟੋਅ 'ਚ ਇਕੱਲੀ ਔਰਤ ਦੀ ਭਾਲ 'ਚ ਸੀ । ਉਸ ਨੇ 59 ਸਾਲਾ ਔਰਤ ਤੇ ਪਹਿਲਾਂ ਹਮਲਾ ਕੀਤਾ ਅਤੇ ਘਰ ਵਾਪਸ ਆ ਰਹੀ ਮਹਿਲਾ ਨਾਲ ਜਬਰ ਜਨਾਹ ਕੀਤਾ । ਫਿਰ ਉਸ ਨੇ 46 ਸਾਲ ਅਤੇ 32 ਸਾਲ ਦੀਆਂ ਔਰਤਾਂ 'ਤੇ ਜਿਣਸੀ ਹਮਲਾ ਕੀਤਾ  ਅਮਨ ਬਿਆਸ ਨੇ 35 ਸਾਲਾ ਵਿਧਵਾ ਸਮਰਾਵੀਰਾ 'ਤੇ ਜਿਣਸੀ ਹਮਲਾ ਹੀ ਨਹੀਂ ਕੀਤਾ ਬਲਕਿ ਉਸ ਦਾ ਕਤਲ ਵੀ ਕਰ ਦਿੱਤਾ ।