ਮੁਸਲਮਾਨ ਭਾਈਚਾਰੇ ਦੀ ਸਮੱਸਿਆ ਦਾ ਨਿਪਟਾਰਾ ਜਲਦ।ਕੀਤਾ ਜਾਵੇਗਾ-ਲਾਡੀ
ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਮਾਲਵਾ ਖੇਤਰ ਵਿੱਚ ਪਏ ਮੀਂਹ ਨਾਲ ਕਈ ਨੀਵੇਂ ਥਾਂ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।ਮਹਿਲ ਕਲਾਂ ਵਿਖੇ ਬਾਬਾ ਜੰਗ ਸਿੰਘ ਪਾਰਕ ਦੇ ਨਜਦੀਕ ਬਣੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਮਸਜਿਦ ਵਿਖੇ ਲਗਾਤਾਰ ਹੋ ਰਹੀ ਬਰਸਾਤ ਦਾ ਪਾਣੀ ਵੜਣ ਕਾਰਨ ਅੰਦਰ ਪਏ ਧਾਰਮਿਕ ਗ੍ਰੰਥ ਅਤੇ ਹੋਰ ਸਮਾਨ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਖਰਾਬ ਹੋ ਗਿਆ ਹੈ।ਮਸਜਿਦ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਮੁਸਲਮਾਨ ਭਾਈਚਾਰੇ ਵੱਲੋਂ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਮਸਜਿਦ ਦੇ ਸੇਵਾਦਾਰ ਤਾਰਿਖ ਖਾਂ,ਨਜੀਰ ,ਮੁਹੰਮਦ,ਬੂਟਾ ਖਾਨ ਮੱਘਰ ਦੀਨ,ਯਾਸੀਨ ਖਾਂ,ਅਰਸ਼ਦ ਖਾਂ,ਜਮੀਲ ਖਾਂ,ਸ਼ਮਸ਼ੇਰ ਖਾਂ ਨੇ ਕਿਹਾ ਕਿ ਪੁਰਾਤਨ ਕਾਲ ਸਮੇਂ ਦੀ ਇਹ ਮਸਜਿਦ ਹੈ ਪਹਿਲਾਂ ਪਾਣੀ ਦਾ ਨਿਕਾਸ ਸੀ।ਪਰ ਹੁਣ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਕਿ ਉਕਤ ਮਾਮਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।ਇਸ ਮੌਕੇ ਗੁਰਤੇਜ ਸਿੰਘ ਅਤੇ ਬਿੱਕਰ ਸਿੰਘ ਨੇ ਕਿਹਾ ਕਿ ਸਾਡੀ ਗਲੀ ਨੀਵੀਂ ਹੋਣ ਕਾਰਨ ਬਰਸਾਤ ਦਾ ਪਾਣੀ ਭਰ ਜਾਂਦਾ ਹੈ।ਪਾਣੀ ਘਰਾਂ ਵਿੱਚ ਵੜ ਜਾਂਦਾ ਹੈ।ਉਹਨਾਂ ਮੰਗ ਕੀਤੀ ਕਿ ਇਸ ਗਲੀ ਨੂੰ ਪਹਿਲ ਦੇ ਅਧਾਰ ਤੇ ਉੱਚਾ ਕੀਤਾ ਜਾਵੇ। ਕੀ ਕਹਿੰਦੇ ਨੇ ਸਰਪੰਚ ਦੇ ਪੁੱਤਰ- ਇਸ ਸਬੰਧੀ ਸਰਪੰਚ ਰਾਜਵਿੰਦਰ ਕੌਰ ਧਾਲੀਵਾਲ ਦੇ ਲੜਕੇ ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ ਨੇ ਕਿਹਾ ਕਿ ਸਮੁੱਚੀ ਪੰਚਾਇਤ ਮੁਸਲਮਾਨ ਭਾਈਚਾਰੇ ਨਾਲ ਚਟਾਨ ਵਾਂਗ ਖੜ੍ਹੀ ਹੈ।ਜੇਕਰ ਕੋਈ ਸਮੱਸਿਆ ਹੈ ਤਾਂ ਪਹਿਲ ਦੇ ਅਧਾਰ ਤੇ ਜਲਦ ਹੱਲ ਕਰਵਾਇਆ ਜਾਵੇਗਾ।