ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਲੋੜ-ਰਾਣਾ ਕੇ. ਪੀ. ਸਿੰਘ

ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਲੁਧਿਆਣਾ ਵਿਖੇ ਮਹਾਰਾਣਾ ਪ੍ਰਤਾਪ ਦੇ ਜੈਯੰਤੀ ਸਮਾਰੋਹ ਵਿੱਚ ਸ਼ਿਰਕਤ

ਲੁਧਿਆਣਾ,ਜੂਨ 2019 ( ਮਨਜਿੰਦਰ ਗਿੱਲ)—ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦੇਸ਼-ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਅੱਜ ਮੁਕਾਬਲਾ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੀ ਅਨੇਕਤਾ ਵਿੱਚ ਏਕਤਾ ਵਾਲੇ ਵਜ਼ੂਦ ਨੂੰ ਬਣਾਈ ਰੱਖਿਆ ਜਾ ਸਕੇ।ਉਹ ਅੱਜ ਸਥਾਨਕ ਅਮਰ ਪੈਲੇਸ ਵਿਖੇ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੀ 477ਵੀਂ ਜੈਯੰਤੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਮੌਕੇ ਇੱਕ ਵਿਸ਼ਾਲ ਵਾਹਨ ਰੈਲੀ ਮਹਾਰਾਣਾ ਪ੍ਰਤਾਪ ਪਾਰਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਕੱਢੀ ਗਈ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅੱਜ ਦੇਸ਼ ਨੂੰ ਕਮਜ਼ੋਰ ਕਰਨ ਵਾਸਤੇ ਕਈ ਦੇਸ਼ ਵਿਰੋਧੀ ਤਾਕਤਾਂ ਗਲਤ ਹੱਥਕੰਡੇ ਵਰਤ ਰਹੀਆਂ ਹਨ, ਜਿਨਾਂ ਤੋਂ ਦੇਸ਼ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਉਨਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਅਜਿਹੀਆਂ ਤਾਕਤਾਂ ਦਾ ਇਕੱਠੇ ਹੋ ਕੇ ਮੁਕਾਬਲਾ ਕੀਤਾ ਜਾਵੇ, ਇਸ ਦੇ ਨਾਲ ਹੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਵੀ ਬਣਾਈ ਰੱਖਿਆ ਜਾਵੇ। ਉਨਾਂ ਕਿਹਾ ਕਿ ਜੋ ਕੌਮਾਂ ਆਪਣੇ ਗੌਰਵਮਈ ਇਤਿਹਾਸ ਨੂੰ ਜਿੰਦਾ ਅਤੇ ਯਾਦ ਰੱਖਦੀਆਂ ਹਨ, ਉਹ ਕੌਮਾਂ ਹਮੇਸ਼ਾਂ ਹੀ ਚੜਦੀ ਕਲਾ ਵਿੱਚ ਰਹਿੰਦੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਾਜਪੂਤ ਭਾਈਚਾਰੇ ਦੀ ਬਿਹਤਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਣਾ ਪ੍ਰਤਾਪ ਦੇ ਨਾਮ 'ਤੇ ਚੇਅਰ ਸਥਾਪਿਤ ਕੀਤੀ ਗਈ ਹੈ ਅਤੇ ਜ਼ਿਲਾ ਰੋਪੜ ਵਿੱਚ ਮਹਾਰਾਣਾ ਪ੍ਰਤਾਪ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਉਸੇ ਤਰਜ਼ 'ਤੇ ਹੀ ਪਿਛਲੇ ਸਾਲ ਲੁਧਿਆਣਾ ਵਿਖੇ ਵੀ ਮਹਾਰਾਣਾ ਪ੍ਰਤਾਪ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ।ਉਨਾਂ ਦੱਸਿਆ ਕਿ ਜਿਸ ਪਾਰਕ ਵਿੱਚ ਇਹ ਬੁੱਤ ਸਥਾਪਤ ਕੀਤਾ ਗਿਆ ਸੀ ਉੱਥੇ ਕਿਸੇ ਸਮੇਂ ਕਾਫੀ ਗੰਦਗੀ ਅਤੇ ਉਜਾੜ ਸੀ ਜੋ ਕਿ ਇੱਕ ਸ਼ਾਨਦਾਰ ਪਾਰਕ ਵਜੋਂ ਤਬਦੀਲ ਹੋ ਚੁੱਕੀ ਹੈ। ਇਸ ਮੌਕੇ ਉਨਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਕਾਰਜਾਂ ਦਾ ਵੇਰਵਾ ਵੀ ਪੇਸ਼ ਕੀਤਾ ਅਤੇ ਰਾਜਪੂਤ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਉਨਂ ਦੀ ਬਿਹਤਰੀ ਲਈ ਯਤਨ ਜਾਰੀ ਰੱਖੇ ਜਾਣਗੇ।ਉਨਾਂ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵੀ ਸ਼ਲਾਘਾ ਕੀਤੀ।ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਸੁਰਿੰਦਰ ਡਾਬਰ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ (ਤਿੰਨੇ ਵਿਧਾਇਕ), ਮੇਅਰ ਬਲਕਾਰ ਸਿੰਘ ਸੰਧੂ, ਡਿੰਪਲ ਰਾਣਾ, ਸੰਤ ਸਿੰਘ ਰਾਣਾ, ਅਨਿਲ ਠਾਕੁਰ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਰਾਣਾ ਰਣਜੀਤ ਸਿੰਘ, ਰਾਣਾ ਰਣਬੀਰ ਸਿੰਘ, ਧਰਮਵੀਰ ਸਿੰਘ ਰਾਣਾ, ਰਾਕੇਸ਼ ਮਨਿਹਾਸ, ਪ੍ਰਦੀਪ ਡਡਵਾਲ, ਕਮਲ ਡਡਵਾਲ, ਗੌਤਮ ਪੁੰਡੀਰ, ਵਿਸ਼ਵਜੀਤ ਠਾਕੁਰ, ਪਵਨ ਰਾਣਾ, ਅਮਰਿੰਦਰ ਗੋਬਿੰਦ ਰਾਵ, ਰਾਕੇਸ਼ ਰਾਣਾ, ਰਵਿੰਦਰ ਪਠਾਨੀਆ, ਦਿਨੇਸ਼ ਰਾਣਾ, ਮੁਕੇਸ਼ ਸਿੰਘ ਰਾਣਾ, ਏ. ਬੀ. ਸਿੰਘ, ਭੁਪਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਰਾਜਪੂਤ ਭਾਈਚਾਰੇ ਦੇ ਲੋਕ ਹਾਜ਼ਰ ਸਨ।