You are here

ਪਿੰਡ ਕੁਤਬਾ ਦਾ ਨੌਜਵਾਨ ਫੌਜ ਚ '  ਸਹੀਦ 

ਪੰਜਾਬ ਸਰਕਾਰ ਨੇ ਸ਼ਹੀਦ ਹੋਏ ਸਿਪਾਹੀ ਦੇ ਪਰਵਾਰ ਲਈ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਤਾਂ ਐਲਾਨ ਦਿੱਤੀ ,ਪਰ ਸ਼ਹੀਦੀ ਬਾਰੇ ਸਿਪਾਹੀ ਦੇ ਪਰਵਾਰ ਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਦਿੱਤੀ ਜਾਣਕਾਰੀ

ਮਹਿਲ ਕਲਾਂ/ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ ) -

ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 4 ਸਿੱਖ ਲਾਈਟ ਇਨਫੈਂਟਰੀ ਯੂਨਿਟ ਦੇ ਦੋ ਸਿਪਾਹੀਆਂ ਸਤਵਿੰਦਰ ਸਿੰਘ ਵਾਸੀ ਕੁਤਬਾ ਜ਼ਿਲਾ ਅਤੇ ਲਖਵੀਰ ਸਿੰਘ ਵਾਸੀ ਡੇਮਰੂ ਜ਼ਿਲਾ ਮੋਗਾ ਦੇ ਇੱਕ-ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕਰਦਿਆਂ ਇਨਾਂ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਇਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਦੇ ਹਵਾਲੇ ਨਾਲ ਪੰਜਾਬ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਇਹ ਦੋਵੇਂ ਸਿਪਾਹੀ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ਨੇੜੇ 22 ਜੁਲਾਈ ਨੂੰ ਗਸ਼ਤ ਕਰ ਰਹੀ ਟੁਕੜੀ ਦਾ ਹਿੱਸਾ ਸਨ। ਬੇਹਦ ਉਚਾਈ ਉੱਤੇ ਵਗਦੇ ਇੱਕ ਤੇਜ਼ ਰਫ਼ਤਾਰ ਨਾਲੇ ਉੱਤੇ ਬਣੇ ਲੱਕੜਾਂ ਦੇ ਪੁਲ ਨੂੰ ਪਾਰ ਕਰਦੇ ਸਮੇਂ ਇਹ ਦੋਵੇਂ ਹੇਠਾਂ ਡਿੱਗ ਪਏ ਅਤੇ ਇੱਕ ਦੂਜੇ ਨੂੰ ਬਚਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਸਿਪਾਹੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਮਿਲਣ ਦੀ ਖੁਲਾਸਾ ਕਰਦਿਆਂ ਕਿਹਾ ਗਿਆ ਹੈ ਕਿ ਸਿਪਾਹੀ ਸਤਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪਤਾ ਲਾਉਣ ਲਈ ਤਲਾਸ਼ ਅਜੇ ਜਾਰੀ ਹੈ, ਪਰ ਕਮਾਲ ਦੀ ਗੱਲ ਇਹ ਹੈ ਕਿ ਅਜੇ ਤੱਕ ਨਾ ਤਾਂ ਸਿਪਾਹੀ ਸਤਿੰਦਰ ਸਿੰਘ ਉਮਰ 20 ਦੇ ਕਰੀਬ ਪੁੱਤਰ ਅਮਰ ਸਿੰਘ ਵਾਸੀ ਕੁਤਬਾ (ਬਰਨਾਲਾ)ਦੇ ਪਰਵਾਰਿਕ ਮੈਂਬਰਾਂ ਨੂੰ ਫੌਜ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਬਰਨਾਲਾ ਦੇ ਜ਼ਿਲਾ ਪ੍ਰਸਾਸਨ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ। ਪਿੰਡ ਕੁਤਬਾ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਇਸ ਸਬੰਧੀ ਸਪੱਸਟ ਕੀਤਾ ਕਿ ਸਿਪਾਹੀ ਸਤਵਿੰਦਰ ਸਿੰਘ ਬਾਰੇ ਫੌਜ ਵੱਲੋਂ ਪਿਛਲੇ ਦਿਨੀਂ ਪਰਵਾਰ ਨੂੰ ਇਹ ਤਾਂ ਜਾਣਕਾਰੀ ਦਿੱਤੀ ਗਈ ਕਿ ਕਿ ਸਤਵਿੰਦਰ ਸਿੰਘ ਸਰਹੱਦ ‘ਤੇ ਲਾਪਤਾ ਹੋ ਗਿਆ ਹੈ, ਪਰ ਸਤਵਿੰਦਰ ਸਿੰਘ ਦੇ ਸਹੀਦ ਹੋਣ ਸਬੰਧੀ ਪਰਵਾਰ ਨੂੰ ਨਾ ਤਾਂ ਅਜੇ ਤੱਕ ਫੌਜ ਵੱਲੋਂ ਕੋਈ ਟੈਲੀਫੂਨ ਆਇਆ ਹੈ ਅਤੇ ਨਾ ਹੀ ਜ਼ਿਲਾ ਪ੍ਰਸਾਸਨ ਵੱਲੋਂ ਕੋਈ ਅਜਿਹੀ ਜਾਣਕਾਰੀ ਦਿੱਤੀ ਗਈ ਕਿ ਤੁਹਾਡਾ ਲੜਕਾ ਸ਼ਹੀਦ ਹੋ ਗਿਆ ਹੈ।ਇਸ ਸਬੰਧੀ ਜਦੋਂ ਪਰਿਵਾਰ ਮੈਂਬਰਾਂ ਨਾਲ ਉਕਤ ਸਤਵਿੰਦਰ ਸਿੰਘ ਦੇ ਘਰ ਜਾ ਕੇ ਜਾਣਕਾਰੀ ਹਾਸਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਵੀ ਸਹੀ ਜਾਣਕਾਰੀ  ਨਹੀ ਮਿਲੀ ,ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਸਤਵਿੰਦਰ ਸਿੰਘ ਦੀ ਭਾਲ ਅਜੇ ਜਾਰੀ ਹੈ। ਇਸ ਮੌਕੇ ਘਰ ਚ ਮੌਜੂਦ ਨੌਜਵਾਨ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਸਤਵਿੰਦਰ ਸਿੰਘ +2ਜਮਾਤ ਪਾਸ ਕਰਕੇ 2018 ਚ ਫੌਜ ਵਿੱਚ ਭਰਤੀ ਹੋਇਆ ਸੀ ਤੇ ਲੰਘੀ ਫਰਵਰੀ ਚ ਉਹ ਛੁੱਟੀ ਕੱਟ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੀ 17-18 ਜੁਲਾਈ ਨੂੰ ਪਰਿਵਾਰ ਵਾਲਿਆਂ ਨਾਲ ਸਤਵਿੰਦਰ ਸਿੰਘ।ਦੀ ਗੱਲ ਹੋਈ ਸੀ।ਉਸ ਤੋ ਬਾਅਦ ਉਸ ਨਾਲ ਕੋਈ ਸਪੰਰਕ ਨਹੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫੌਜ ਦਾ ਇਹ ਜਵਾਨ ਆਪਣੇ ਭਰਾ ਅਤੇ ਭੈਣ ਤੋਂ ਛੋਟਾ ਸੀ। ਪਰ ਪਰਿਵਾਰ ਇਸ ਸਮੇਂ ਇੱਕ ਅਜੀਬ ਜਿਹੇ ਮਹੌਲ ਚ ਹੈ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੰਗਲਵਾਰ ਬਾਅਦ ਦੁਪਿਹਰ 3 ਵਜੇ ਵੀ ਇਹੀ ਕਹਿਣਾ ਸੀ ਕਿ ਉਹ ਇਸ ਸਬੰਧੀ ਪਤਾ ਕਰਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਤਾਂ ਚੀਨ ਦੇ ਸਰਹੱਦ ‘ਤੇ ਸਹੀਦ ਹੋਏ ਸਿਪਾਹੀ ਸਤਵਿੰਦਰ ਸਿੰਘ ਦੇ ਪਰਵਾਰ ਨਾਲ ਰਸਮੀ ਹਮਦਰਦੀ ਪ੍ਰਗਟ ਕਰਦਿਆਂ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਸਹਾਇਤਾ ਅਤੇ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ, ਪਰ ਸ਼ਹੀਦ ਹੋਏ ਸਿਪਾਹੀ ਸਤਵਿੰਦਰ ਸਿੰਘ ਦੇ ਪਰਵਾਰ ਨੂੰ ਦੂਸਰੇ ਦਿਨ ਤੱਕ ਵੀ ਇਹ ਜਾਣਕਾਰੀ ਦੇਣ ਦੀ ਜਰੂਰਤ ਨਹੀਂ ਸਮਝੀ ਗਈ ਕਿ ਤੁਹਾਡਾ ਲੜਕਾ ਚੀਨ ਦੀ ਸਰਹੱਦ ‘ਤੇ ਸ਼ਹੀਦ ਹੋ ਗਿਆ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਬਰਨਾਲਾ ਦੇ ਜ਼ਿਲਾ ਪ੍ਰਸਾਸਨ ਨੂੰ ਵੀ ਇਸ ਗੱਲ ਦਾ ਕੋਈ ਪਤਾ ਤੱਕ ਨਹੀਂ ਹੈ। ਇਸ ਨੂੰ ਸਰਕਾਰ ਅਤੇ ਫੌਜ ਦੇ ਤਾਲਮੇਲ ਦੀ ਘਾਟ ਕਹੀਏ ਜਾਂ ਸਰਕਾਰ ਦੇ ਪ੍ਰਸਾਸਨ ਦੀ ਨਾਲਾਇਕੀ ਕਿ ਸ਼ਹੀਦ ਦੇ ਪਰਵਾਰ ਤੱਕ ਦੂਸਰੇ ਦਿਨ ਤੱਕ ਵੀ ਕਿਸੇ ਨੇ ਪੁਹੰਚ ਨਹੀਂ ਕੀਤੀ। ਖਬਰ ਲਿਖੇਜਾਣ ਤੱਕ ਪਰਿਵਾਰ ਵਾਲਿਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਜੇ  ਤੱੱਕ ਕਿਸੇ ਵੀ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਜਾ ਜਾਣਕਾਰੀ ਨਹੀ ਦਿੱਤੀ।