ਪਹਿਲੀ ਵਾਰ ਬਰਤਾਨੀਆ ਦੇ ਸਿੱਕਿਆਂ 'ਤੇ ਦਿਖ ਸਕਦੈ ਘੱਟ ਗਿਣਤੀ ਲੋਕਾਂ ਦਾ ਚਿਹਰਾ

ਮਾਨਚੈਸਟਰ,ਜੁਲਾਈ 2020 -( ਗਿਆਨੀ ਅਮਰੀਕ ਸਿੰਘ ਰਾਠੌਰ) ਅਫ਼ਰੀਕੀ ਮੂਲ ਦੇ ਲੋਕਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੇ ਚਿਹਰੇ ਪਹਿਲੀ ਵਾਰ ਬਰਤਾਨੀਆ ਦੇ ਕਰੰਸੀ ਸਿੱਕਿਆਂ 'ਤੇ ਦਿਸ ਸਕਦੇ ਹਨ । ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਰਿਸ਼ੀ ਸੁਨਾਕ ਨੇ ਵੀ ਇਸ ਮੁਹਿੰਮ ਦੀ ਤਜਵੀਜ਼ ਬਾਰੇ ਵਿਚਾਰ ਕਰ ਰਹੇ ਹਨ । ਖ਼ਬਰਾਂ ਅਨੁਸਾਰ ਰੋਇਲ ਮਿੰਟ ਬਰਤਾਨੀਆ ਦੇ ਕਰੰਸੀ ਸਿੱਕੇ ਬਣਾਉਣ ਵਾਲੀ ਸੰਸਥਾ ਕੋਲ ਇਹ ਯੋਜਨਾ ਦਰਜ ਹੋ ਚੁੱਕੀ ਹੈ ਅਤੇ ਰਿਸ਼ੀ ਸੁਨਾਕ ਕਥਿਤ ਤੌਰ 'ਤੇ ਇਸ ਦੀ ਹਮਾਇਤ ਕਰਦੇ ਹਨ ।ਖ਼ਜ਼ਾਨਾ ਰਾਜ ਮੰਤਰੀ ਜੌਹਨ ਗਿਲਨ ਨੇ ਕਿਹਾ ਹੈ ਕਿ ਖ਼ਜ਼ਾਨਾ ਮੰਤਰੀ ਰਿਸ਼ੀ ਸੁਨਾਕ ਇਸ ਤੋਂ ਜਾਣੂ ਹਨ । ਅਸੀਂ ਇਸ ਨੂੰ ਲੈ ਕੇ ਹਾਂ ਪੱਖੀ ਹਾਂ, ਸਾਨੂੰ ਰੋਇਲ ਮਿੰਟ ਤੋਂ ਕੁਝ ਠੋਸ ਤਜਵੀਜ਼ ਦੇਖਣ ਦੀ ਲੋੜ ਹੈ, ਜਿਸ ਲਈ ਅਸੀਂ ਉਤਸੁਕ ਹਾਂ । ਇਸ ਤਜਵੀਜ਼ ਲਈ ਵਿਕਟੋਰੀਆ ਕਰਾਸ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਅਤੇ ਗੋਰਖਾ ਸੈਨਿਕ, ਕਰੀਮੀਅਨ ਯੁੱਧ ਦੀ ਨਰਸ ਮੈਰੀ ਸੀਕੋਲ ਅਤੇ ਦੂਜੇ ਵਿਸ਼ਵ ਯੁੱਧ ਦੀ ਜਾਸੂਸ ਅਤੇ ਜੌਰਜ ਕਰਾਸ ਜਿੱਤਣ ਵਾਲੀਆਂ 4 ਮਹਿਲਾਂ 'ਚੋਂ ਇਕ ਨੂਰ ਇਨਾਇਤ ਖ਼ਾਨ ਦੇ ਨਾਂਅ ਚਰਚਾ 'ਚ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਬਰਤਾਨੀਆ ਦੇ ਕਰੰਸੀ ਸਿੱਕਿਆਂ 'ਤੇ ਕਿਸ ਦੀ ਤਸਵੀਰ ਸੁਸ਼ੋਭਿਤ ਹੁੰਦੀ ਹੈ । ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਸੰਸਦੀ ਉਮੀਦਵਾਰ ਜ਼ੀਹਰਾ ਜ਼ੈਦੀ ਵਲੋਂ ਇਸ ਮੁਹਿੰਮ ਦੀ ਅਗਵਾਈ ਕੀਤੀ ਜਾ ਰਹੀ ਹੈ ।