ਖ਼ਤਰਨਾਕ ਵਾਇਰਸ ਦਾ ਦਾਇਰਾ ਹੁਣ ਜਾਣ ਲੱਗਾ 'ਸਿਖਰ' ਵੱਲ✍️ ਰਣਜੀਤ ਸਿੰਘ ਹਿਟਲਰ

*ਤੇਜ਼ ਹੋਏ ਕਰੋਨਾ ਜਾਲ ਨੇ,ਫਿਰ ਖੜ੍ਹੇ ਕੀਤੇ ਸਾਡੀ ਸਰਕਾਰ ਦੀ ਸਿਹਤ ਨੀਤੀ ਉੱਪਰ ਸਵਾਲ।ਦੇਸ਼ ਦੇ ਹਰ ਵਰਗ ਨੇ ਆਰਥਿਕ ਅਤੇ ਮਾਨਸਿਕ ਪੀੜਾ ਝੱਲ ਕੇ ਵੀ ਹੁਣ ਤੱਕ ਦਿੱਤਾ ਸਰਕਾਰ ਦਾ ਪੂਰਾ ਸਾਥ*

ਕਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਇੱਕ ਅਜਿਹੀ ਮਹਾਂਮਾਰੀ ਵਜੋਂ ਉਭਰਿਆ ਹੈ।ਜਿਸਨੇ ਪੂਰੀ ਮਨੁੱਖ ਜਾਤ ਦੇ ਜੀਵਨ ਵਿੱਚ ਉਥਲ-ਪੁਥਲ ਮਚਾ ਕੇ ਰੱਖ ਦਿੱਤੀ ਹੈ। ਇਸ ਨਾਮੁਰਾਦ ਵਾਇਰਸ ਦਾ ਸਭ ਤੋਂ ਵਧੇਰੇ ਤਸ਼ੱਦਦ ਪ੍ਰਵਾਸੀ ਮਜ਼ਦੂਰ, ਕਿਸਾਨ ਅਤੇ ਮਿਡਲਕਲਾਸ ਵਰਗ ਨੂੰ ਝੱਲਣਾ ਪਿਆ ਹੈ।ਜਿੱਥੇ ਇਕ ਬੰਨ੍ਹੇ ਬੇਰੁਜ਼ਗਾਰੀ ਸਾਡੇ ਮੁਲਕ ਦਾ ਪਹਿਲਾਂ ਹੀ ਪਿੱਛਾ ਨਹੀਂ ਛੱਡ ਰਹੀ ਸੀ।ੳਥੇ ਹੀ ਇਸ 'ਕਰੋਨਾ' ਨੇ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਹੋਰ ਵੀ ਵਧੇਰੇ ਬੇਰੁਜ਼ਗਾਰੀ ਵਾਲਾ ਮੱਕੜਜਾਲ ਬੁਣ ਦਿੱਤਾ ਹੈ। ਜਦੋਂ ਪੁਰੀ ਦੁਨੀਆ ਵਿੱਚ ਕਰੋਨਾ ਵਾਇਰਸ ਦਾ ਤਾਂਡਵ ਸਿਖਰ ਤੇ ਸੀ ਤਾਂ ਸਾਡੀ ਸਰਕਾਰ ਲਾਕਡਾਉਨ ਅਤੇ ਕਰਫਿਊ ਲਗਾ ਕੇ ਆਪਣੀ ਪਿੱਠ ਥਪਥਪਾ ਰਹੀ ਸੀ। ਜਦਕਿ W.H.O (World Health Organization) ਅਤੇ ਇਸ ਤੋਂ ਇਲਾਵਾ ਭਾਰਤ ਦੇ ਕਈ ਮਾਹਿਰ ਸਿਹਤ ਸੰਗਠਨ ਇਹ ਗੱਲ ਵਾਰ ਵਾਰ ਦੁਹਰਾ ਰਹੇ ਸਨ ਕਿ ਲਾਕਡਾਉਨ ਇਸ ਬਿਮਾਰੀ ਦਾ ਪਰਮਾਨੈਂਟ ਹੱਲ ਨਹੀਂ ਹੈ।ਸਾਨੂੰ ਇਸ ਭੈੜੀ ਬਿਮਾਰੀ ਨਾਲ ਨਜਿੱਠਣ ਲਈ ਆਪਣੇ ਹਸਪਤਾਲ ਅਤੇ ਹੋਰ ਮੈਡੀਕਲ ਸਹੂਲਤ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ। ਪਰੰਤੂ ਸਾਡੀ ਸਰਕਾਰ ਦਾ ਇਸ ਗੱਲ ਤੇ ਜ਼ਰਾ ਵੀ ਗੌਰ ਨਹੀਂ ਸੀ ਕਿ ਜਮੀਨੀ ਸਤੱਰ ਉੱਤੇ ਸਾਡੀਆਂ ਸਿਹਤ ਸਹੂਲਤਾ ਦਾ ਕਿੰਨਾ ਮਾੜਾ ਹਾਲ ਹੈ। ਹਸਪਤਾਲ ਵਿੱਚ ਤਾਂ ਸਾਡੇ ਡਾਕਟਰਾਂ ਅਤੇ ਮੈਡੀਕਲ ਸਟਾਫ ਲਈ ਹੀ ਪੂਰੇ ਸੁਰੱਖਿਆ ਉਪਕਰਨ ਨਹੀਂ ਸਨ।ਸੋਚੋ! ਆਮ ਬੰਦੇ ਦੀ ਉਥੇ ਕੀ ਬੁਕਤ ਹੋਵੇਗੀ।ਸਾਡੀਆਂ ਸਿਹਤ ਸਹੂਲਤਾਂ ਦਾ ਅਜਿਹਾ ਹਾਲ ਕੋਈ ਨਵੇਕਲਾ ਨਹੀਂ..  ਕਰੋਨਾ ਵਾਇਰਸ ਤਾਂ ਬਸ ਇਹ ਸਭ ਦੁਬਾਰਾ ਦੱਸਣ ਦਾ ਇਕ ਜ਼ਰੀਆਂ ਹੀ ਬਣਿਆ ਹੈ।ਜਿਸ ਸਮੇਂ ਅਮਰੀਕਾ ਵਿਚ ਕਰੋਨਾ ਵਾਇਰਸ ਚਰਮ ਸੀਮਾ ਉੱਪਰ ਸੀ ਤਾਂ ਉਸ ਵੇਲੇ ਵੀ ਉਥੇ ਆਮ ਲੋਕਾਂ ਦੇ ਕਰੋਨਾ ਟੈਸਟ ਹੋ ਰਹੇ ਸਨ। ਚਾਹੇ ਪੀੜਤ ਹੋਣ ਵਾਲਿਆ ਦੀ ਗਿਣਤੀ ਹਜ਼ਾਰਾ ਵਿੱਚ ਸੀ। ਜਦਕਿ ਸਾਡੇ ਦੇਸ਼ ਅੰਦਰ ਲੋਕਾਂ ਨੂੰ ਘਰਾਂ ਵਿਚ ਵਾੜ ਕੇ ਰੱਖਣਾ ਹੀ ਸਰਕਾਰਾਂ ਨੇ ਆਪਣੀ ਜਿੰਮੇਵਾਰੀ ਸਮਝੀ। ਇਸੇ ਲਾਕਡਾਉਨ ਦੌਰਾਨ ਦੇਸ਼ ਦੇ ਕਈ ਸਿਹਤ ਸੰਗਠਨ ਅਤੇ ਮਾਹਿਰ ਸਰਕਾਰ ਨੂੰ ਪਿੱਟ-ਪਿੱਟ ਕੇ ਕਹਿ ਰਹੇ ਸਨ ਕਿ ਸਾਨੂੰ ਇਸੇ ਸਮੇਂ ਅੰਤਰਗਤ ਆਪਣੇ ਹਸਪਤਾਲਾਂ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨਾ ਪੈਣਾ ਹੈ।ਜੇਕਰ ਅਜਿਹਾ ਨਹੀਂ ਕਰਦੇ ਤਾਂ  ਅਕਤੂਬਰ, ਨਵੰਬਰ ਤੱਕ ਇਹ ਅੰਕੜਾ ਹਜ਼ਾਰਾਂ ਤੋਂ ਦੇਖਦੇ ਹੀ ਦੇਖਦੇ ਲੱਖਾਂ ਤੱਕ ਪੁੱਜ ਜਾਵੇਗਾ। ਜਿਸਨੂੰ ਕਿ ਕਮਿਊਨਿਟੀ ਸਪਰੈੱਡ ਕਹਿੰਦੇ ਹਨ। ਦੂਰਅੰਦੇਸ਼ੀ ਮਾਹਿਰਾਂ ਅਤੇ ਡਾਕਟਰਾਂ ਦੀ ਪਹਿਲਾਂ ਤੋਂ ਦਿੱਤੀ ਚੇਤਾਵਨੀ ਅਤੇ ਸਲਾਹ ਅੱਜ ਇਕ ਦਮ ਦਰੁਸਤ ਜਾਪ ਰਹੀ ਹੈ। ਕਿਉਂਕਿ ਹੁਣ ਭਾਰਤ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 11 ਲੱਖ ਤੋਂ ਵੀ ਪਾਰ ਜਾ ਚੁੱਕੀ ਹੈ। ਇਹੀ ਨਹੀਂ ਕਈ ਸਿਹਤ ਮਾਹਿਰਾਂ ਦਾ ਦਾਅਵਾ ਤਾਂ ਇਥੋਂ ਤੱਕ ਵੀ ਹੈ ਕਿ ਅਗਲੇ ਸਾਲ ਜਨਵਰੀ ਤੱਕ ਇਹ ਅੰਕੜਾ 90 ਲੱਖ ਤੀਕ ਪਹੁੰਚ ਸਕਦਾ ਹੈ।ਜੋ ਕਿ ਬਣ ਰਹੇ ਹਾਲਾਤ ਤੋਂ ਸਿੱਧ ਹੁੰਦਾ ਵੀ ਜਾਪਦਾ ਹੈ ਕਿਉਂਕਿ ਬੀਤੇ ਦਿਨੀਂ ਸਿਰਫ ਇੱਕ ਦਿਨ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਕਰੋਨਾ ਮਰੀਜ ਸਾਹਮਣੇ ਆਏ ਹਨ। ਇਹ ਸਿਰਫ ਉਹੀ ਅੰਕੜੇ ਹਨ ਜੋ ਸਰਕਾਰ ਦੱਸ ਰਹੀ ਹੈ ਬਲਕਿ ਜਮੀਨੀ ਹਾਲਾਤ ਇਸ ਤੋਂ ਵੀ ਬਦਤਰ ਕਿਤੇ ਹੋਣਗੇ।ਬਾਹਰਲੇ ਮੁਲਕਾਂ ਵਿੱਚ ਹਾਲਾਤ ਵੱਡੇ ਪੱਧਰ ਉੱਤੇ ਖਰਾਬ ਹੋਣ ਬਾਵਜੂਦ ਵੀ ਉਹਨਾਂ ਅੰਤ ਵਿੱਚ ਇਸ ਮਹਾਂਮਾਰੀ ਉੱਤੇ ਕੰਟਰੋਲ ਪਾ ਲਿਆ ਹੈ।ਕਿਉਂਕਿ ਉਹਨਾਂ ਨੇ ਲਾਕਡਾਉਨ ਪੀਰੀਅਡ ਦੌਰਾਨ ਆਪਣੇ ਹਸਪਤਾਲਾਂ ਨੂੰ ਲਾਕਡਾਉਨ ਖੁੱਲ੍ਹਣ ਤੋਂ ਬਾਅਦ ਇਸ ਵਾਇਰਸ ਨਾਲ ਲੜਨ ਅਤੇ ਜਿੱਤਣ ਲਈ ਤਿਆਰ ਕਰ ਲਿਆ ਸੀ। ਦੂਜੇ ਪਾਸੇ ਸਾਡੇ ਮੁਲਕ ਵਿੱਚ ਜਿੰਨਾ ਡਾਕਟਰਾਂ ਅਤੇ ਹੋਰ ਸੇਵਾਵਾਂ ਨਿਭਾ ਰਹੇ ਲੋਕਾਂ ਨੂੰ ਕਰੋਨਾ ਵਾਰੀਅਰ ਘੋਸ਼ਿਤ ਕੀਤਾ ਹੋਇਆ ਸੀ। ਉਹਨਾਂ ਲਈ ਹੀ ਕਰੋਨਾ ਵਾਇਰਸ ਤੋਂ ਬਚਣ ਵਾਸਤੇ ਪੁਖਤਾ ਪ੍ਰਬੰਧ ਨਹੀਂ ਸਨ। ਇਸ ਦੇ ਬਾਵਜੂਦ ਵੀ ਸਾਡੇ ਡਾਕਟਰ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ।ਜਦਕਿ ਉਹਨਾਂ ਨੂੰ ਹਰ ਵਾਰ ਸਰਕਾਰਾਂ ਤੋਂ ਪੱਕੇ ਹੋਣ ਲਈ ਡਾਂਗਾ ਖਾਣੀਆਂ ਪੈਂਦੀਆਂ ਹਨ। ਹੁਣ ਜਦੋਂ ਵਾਇਰਸ ਇੰਨੇ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਰਿਹਾ ਹੈ ਤਾਂ ਸਰਕਾਰ ਨੇ ਬਿਲਕੁਲ ਹੀ ਚੁਪੀ ਸਾਧ ਲਈ ਹੈ।ਜਦੋਂ ਲਾਕਡਾਉਨ ਸੀ ਤਾਂ ਸਰਕਾਰ ਆਪਣੀ ਕਾਰਗੁਜ਼ਾਰੀ ੳੱਪਰ ਧਿਆਨ ਦੇਣ ਦੀ ਬਜਾਏ, ਦੂਜੇ ਮੁਲਕਾਂ ਦੇ ਅੰਕੜਿਆਂ ਦਾ ਵੇਰਵਾ ਜ਼ਿਆਦਾ ਦੇ ਰਹੀ ਸੀ।ਉਸ ਵਕਤ ਮਰੀਜ਼ਾਂ ਦੀ ਗਿਣਤੀ ਘੱਟ ਹੋਣੀ ਸੁਭਾਵਿਕ ਸੀ ਕਿਉਂਕਿ ਲੋਕ ਤਾਂ ਘਰਾਂ ਵਿੱਚ ਬੈਠੇ ਸਨ। ਪਰੰਤੂ ਲਾਕਡਾਉਨ ਤੋਂ ਬਾਅਦ ਕੀ ਭਾਣਾ ਵਾਪਰੇਗਾ ਇਸ ਗੱਲ ਵੱਲ ਕੇਂਦਰ ਅਤੇ ਰਾਜ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ।ਜਦੋਂਕਿ ਮਾਹਿਰਾਂ ਤੋਂ ਇਹ ਚੇਤਾਵਨੀ ਵਾਰ ਵਾਰ ਮਿਲ ਰਹੀ ਸੀ ਕਿ ਖਤਰਾ ਅਜੇ ਟਲਿਆ ਨਹੀਂ ਹੈ। ਪਰ ੳਦੋਂ ਕਿਸੇ ਦੀ ਗੱਲ ਸੁਣਨ ਦੀ ਬਜਾਏ ਸਰਕਾਰ ਆਪਣੇ ਹੀ ਰਾਗ ਅਲਾਪਣ ਵਿੱਚ ਮਸਤ ਸੀ। ਸਾਡੀਆਂ ਸਰਕਾਰਾਂ ਦੀਆਂ ਘਟੀਆ ਸਿਹਤ ਨੀਤੀਆਂ ਅਤੇ ਹਸਤਪਾਲ ਪ੍ਰਬੰਧਾਂ ਤੋਂ ਇੱਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਅਮੀਰ ਦੀ ਜਿੰਦਗੀ ਤਾਂ ਭਾਵੇਂ ਡਾਕਟਰ ਦੇ ਹੱਥ ਵਿੱਚ ਹੋ ਸਕਦੀ ਹੈ, ਪ੍ਰੰਤੂ ਗਰੀਬ ਦੀ ਜਿੰਦਗੀ ਬਚਾਉਣਾ ਅੱਜ ਵੀ ਰੱਬ ਦੇ ਹੱਥ ਹੀ ਹੈ।

 

✍️ ਰਣਜੀਤ ਸਿੰਘ ਹਿਟਲਰ